ਪੱਤਰ ਪ੍ਰੇਰਕ
ਫਰੀਦਾਬਾਦ, 21 ਮਈ
ਸ਼ਹਿਰ ਦੇ ਸੈਕਟਰ-37 ਕੋਲ ਆਨੰਗਪੁਰ ਡੇਅਰੀ ਇਲਾਕੇ ਵਿੱਚ ਬੈਟਰੀ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਤਿੰਨ ਮੁਲਾਜ਼ਮਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅੱਗ ਬੈਟਰੀ ਫਟਣ ਕਾਰਨ ਲੱਗੀ ਹੈ। ਪੁਲੀਸ ਮੁਤਾਬਕ ਫੈਕਟਰੀ ਵਿੱਚ ਲੀਥੀਅਮ ਦੀਆਂ ਬੈਟਰੀਆਂ ਬਣਦੀਆਂ ਹਨ। ਮ੍ਰਿਤਕਾਂ ਦੀ ਪਛਾਣ ਅੰਕਿਤ, ਸਤਵੀਰ ਤੇ ਸੁਨੀਲ ਵਜੋਂ ਹੋਈ ਹੈ, ਜੋ ਦਿੱਲੀ ਦੇ ਰਹਿਣ ਵਾਲੇ ਸਨ। ਪੁਲੀਸ ਮੁਤਾਬਕ ਅੱਗ ਲੱਗਣ ਦੀ ਸੂਚਨਾ ਸਵੇਰੇ ਕਰੀਬ 11 ਵਜੇ ਮਿਲੀ ਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ਉਪਰ ਅੱਗ ਕਾਬੂ ਕਰਨ ਲਈ ਭੇਜੀਆਂ ਗਈਆਂ। ਜਦੋਂ ਅੱਗ ਲੱਗੀ ਤਾਂ ਉੱਦੋਂ ਕਈ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ ਤੇ ਕੁੱਝ ਕੁ ਭੱਜ ਕੇ ਬਾਹਰ ਨਿਕਲ ਆਏ ਪਰ 3 ਮੁਲਾਜ਼ਮ ਅੱਗ ਵਿੱਚ ਘਿਰ ਗਏ ਤੇ ਜਾਨ ਗੁਆ ਬੈਠੇ। ਸਾਰੀ ਫੈਕਟਰੀ ਸੜ ਕੇ ਸੁਆਹ ਹੋ ਗਈ। ਸਥਾਨਕ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਨ ਲਈ ਲਾਸ਼ਾਂ ਨੂੰ ਸਰਕਾਰੀ ਬਾਦਸ਼ਾਹ ਖ਼ਾਂ ਹਸਪਤਾਲ ਵਿੱਚ ਭੇਜਿਆ ਗਿਆ ਹੈ। ਪੁਲੀਸ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਦੀ ਸ਼ਿਕਾਇਤ ’ਤੇ ਅਗਲੀ ਕਾਰਵਾਈ ਜਾਰੀ ਹੈ।
ਬਵਾਨਾ ਖੇਤਰ ਵਿੱਚ ਫੈਕਟਰੀ ਨੂੰ ਅੱਗ ਲੱਗੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਉੱਤਰੀ ਦਿੱਲੀ ਦੇ ਬਵਾਨਾ ਖੇਤਰ ਵਿੱਚ ਸ਼ਨਿੱਚਰਵਾਰ ਸਵੇਰੇ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ 11.05 ਵਜੇ ਮਿਲੀ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਅੱਠ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਇਕ ਹੋਰ ਘਟਨਾ ਵਿੱਚ ਪੂਰਬੀ ਦਿੱਲੀ ਦੇ ਪਾਂਡਵ ਨਗਰ ਇਲਾਕੇ ਵਿਚ ਇਕ ਦੁਕਾਨ ਵਿਚ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੱਤ ਫਾਇਰ ਟੈਂਡਰਾਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਭੇਜਿਆ ਗਿਆ। ਦੋਵਾਂ ਘਟਨਾਵਾਂ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।