ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਅਕਤੂਬਰ
ਜ਼ਿਲ੍ਹਾ ਪੁਲੀਸ ਨੇ ਸਿਰਫ 24 ਘੰਟੇ ਵਿੱਚ ਹੀ ਪੈਟਰੋਲ ਪੰਪ ’ਤੇ ਲੁੱਟ ਕਰਨ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਅਪਰਾਧ ਸ਼ਾਖਾ ਇਕ ਨੇ ਪੈਟਰੋਲ ਪੰਪ ’ਤੇ ਲੁੱਟ ਕਰਨ ਦੇ ਦੋਸ਼ ਹੇਠ ਰਾਹੁਲ ਵਾਸੀ ਧੰਨੋੜੀ ਜ਼ਿਲ੍ਹਾ ਅੰਬਾਲਾ, ਅਜੈ ਵਾਸੀ ਯਮੁਨਾਨਗਰ ਤੇ ਵਿਕਾਸ ਵਾਸੀ ਯਮੁਨਾਨਗਰ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 12 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਵਾਰਦਾਤ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਕਰਨ ਗੋਇਲ ਨੇ ਦੱਸਿਆ ਕਿ ਬੀਤੇ 4 ਅਕਤੂਬਰ ਨੂੰ ਸੰਦੀਪ ਕੁਮਾਰ ਵਾਸੀ ਨਰਾਇਣਗੜ੍ਹ ਮਾਜਰਾ ਨੇ ਥਾਣਾ ਸ਼ਾਹਬਾਦ ਪੁਲੀਸ ਨੂੰ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਸਾਹਾ ਸ਼ਾਹਬਾਦ ਰੋਡ ’ਤੇ ਪੈਟਰੋਲ ਪੰਪ ’ਤੇ ਬਤੌਰ ਸੇਲਜ ਮੈਨ ਕੰਮ ਕਰਦਾ ਹੈ। 3 ਤੇ 4 ਅਕਤੂਬਰ ਦੀ ਰਾਤ ਨੂੰ ਉਹ ਆਪਣੇ ਸਾਥੀ ਸੇਲਜਮੈਨ ਰਾਹੁਲ ਨਾਲ ਡਿਊਟੀ ’ਤੇ ਪੰਪ ਦੇ ਕਮਰੇ ਵਿੱਚ ਬੈਠਾ ਸੀ ਤੜਕੇ ਤਿੰਨ ਵਜੇ ਦੋ ਨੌਜਵਾਨ ਮੂੰਹ ’ਤੇ ਕੱਪੜਾ ਬੰਨ੍ਹ ਕੇ ਆਏ ਤੇ ਚਾਕੂ ਦਿਖਾ ਕੇ ਮਾਰ ਕੁੱਟ ਕਰਨ ਲੱਗੇ ਤੇ ਕਰੀਬ 25 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਐੱਸਆਈ ਨੇ ਦੱਸਿਆ ਕਿ ਮੁਲਜ਼ਮ ਰਾਹੁਲ ਨੇ ਹੀ ਇਹ ਲੁਟ ਦੀ ਯੋਜਨਾ ਬਣਾਈ ਸੀ। ਲੁੱਟੇ ਪੈਸਿਆਂ ਨੂੰ ਉਨ੍ਹਾਂ ਨੇ ਵੰਡ ਲਿਆ ਜਿਸ ’ਚ ਰਾਹੁਲ ਨੇ 9 ਹਜ਼ਾਰ, ਅਜੈ ਤੇ ਵਿਕਾਸ ਨੇ 8, 8 ਹਜ਼ਾਰ ਰੁਪਏ ਲਏ ਸਨ।