ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਅਕਤੂਬਰ
ਅਨਾਜ ਮੰਡੀ ਸ਼ਾਹਬਾਦ ਤੇ ਬਾਬੈਨ ਵਿਚ ਝੋਨੇ ਦੀ ਚੁਕਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਮੰਡੀ ਵਿਚ ਪਈ ਹਜ਼ਾਰਾਂ ਕੁਇੰਟਲ ਝੋਨੇ ਦੀ ਫਸਲ ਬੇ-ਮੌਸਮੇ ਮੀਂਹ ਦੀ ਭੇਟ ਚੜ੍ਹ ਗਈ ਹੈ। ਅਨਾਜ ਮੰਡੀ ਬਾਬੈਨ ਐਸੋਸੀਏਸ਼ਨ ਵਲੋਂ ਸੀਜ਼ਨ ਵਿਚ ਦੋ ਵਾਰ ਖਰੀਦ ਬੰਦ ਕਰਨ ਦੇ ਬਾਵਜੂਦ ਵੀ ਮੰਡੀ ’ਚ ਝੋਨੇ ਦੀ ਚੁਕਾਈ ਨਹੀਂ ਹੋ ਸਕੀ, ਜਿਸ ਕਾਰਨ ਮੰਡੀ ਵਿਚ ਝੋਨੇ ਦੇ ਅੰਬਾਰ ਲਗੇ ਹੋਏ ਹਨ। ਬਾਬੈਨ ਮੰਡੀ ਵਿਚ ਹੁਣ ਤਕ 5 ਲੱਖ 50 ਹਜ਼ਾਰ ਕੁਇੰਟਲ ਤੋਂ ਜ਼ਿਆਦਾ ਝੋਨੇ ਦੀ ਖਰੀਦ ਤੇ 4 ਲੱਖ ਕੁਇੰਟਲ ਝੋਨੇ ਦੀ ਚੁਕਾਈ ਹੋ ਚੁਕੀ ਹੈ। ਮੰਡੀ ਵਿਚ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਪਰ ਰਾਤ ਹੋਈ ਤੇਜ਼ ਬਰਸਾਤ ਕਾਰਨ ਮੰਡੀ ਵਿਚ ਪਏ ਲਖਾਂ ਕੁਇੰਟਲ ਝੋਨੇ ਨੂੰ ਭਿਉਂ ਕੇ ਦਿੱਤਾ ਹੈ। ਮਾਰਕੀਟ ਕਮੇਟੀ ਸਕੱਤਰ ਮਨੋਜ ਪਰਾਸ਼ਰ ਦਾ ਕਹਿਣਾ ਹੈ ਕਿ ਮੰਡੀ ਵਿਚ ਝੋਨੇ ਦੀ ਖਰੀਦ ਵਿਵਸਥਾ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਕੋਈ ਪ੍ਰੇਸ਼ਾਨੀ ਨਾ ਆਏ। ਉਨ੍ਹਾਂ ਕਿਹਾ ਕਿ ਬਰਸਾਤ ਕਰਕੇ ਝੋਨਾ ਖਰਾਬ ਨਾ ਹੋਵੇ ਮੰਡੀ ਦੇ ਸਾਰੇ ਵਪਾਰੀਆਂ ਨੂੰ ਤਰਪਾਲ, ਕਰੇਟ ਤੇ ਹੋਰ ਸਾਮਾਨ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਬਰਸਾਤ ਨਾਲ ਕਿਸਾਨ ਦੀ ਫਸਲ ਖਰਾਬ ਨਾ ਹੋਵੇ।
ਵਿਨੀਤ ਗਰਗ ਵੱਲੋਂ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ
ਰਤੀਆ (ਪੱਤਰ ਪ੍ਰੇਰਕ): ਵਧੀਕ ਮੁੱਖ ਸਕੱਤਰ ਵਿਨੀਤ ਗਰਗ ਨੇ ਝੋਨੇ ਦੀ ਖਰੀਦ ਸਬੰਧੀ ਰਤੀਆ ਦੀ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਅਨਾਜ ਮੰਡੀ ਦੇ ਦਫ਼ਤਰ ਵਿਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਫਸਲ ਦੀ ਖਰੀਦ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਵਧੀਕ ਮੁੱਖ ਸਕੱਤਰ ਨੇ ‘ਮੇਰੀ ਫਸਲ ਮੇਰਾ ਬਿਊਰਾ ਪੋਰਟਲ’ ’ਤੇ ਦਰਜ ਜਾਣਕਾਰੀ, ਕਿਸਾਨਾਂ ਦੀ ਸਹੂਲਤ ਲਈ ਪ੍ਰਬੰਧਾਂ, ਖਰੀਦ ਏਜੰਸੀ ਦੀਆਂ ਤਿਆਰੀਆਂ, ਫਸਲ ਦੀ ਆਮਦ ਅਤੇ ਚੁਕਾਈ ਅਤੇ ਕਿਸਾਨਾਂ ਨੂੰ ਫਸਲ ਦੇ ਭੁਗਤਾਨ ਆਦਿ ਜਾਣਕਾਰੀ ਵਿਸਥਾਰ ਨਾਲ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਮੰਡੀ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੈਅ ਸਮੇਂ ਸੀਮਾ ਦੇ ਅੰਦਰ ਭੁਗਤਾਨ ਕੀਤਾ ਜਾਵੇ। ਨਾਲ ਹੀ ਮੰਡੀ ਵਿਚ ਖਰੀਦ ਨਾਲ ਚੁਕਾਈ ਦੇ ਕੰਮ ਨੂੰ ਵੀ ਤੇਜ਼ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਤੀਆ ਅਨਾਜ ਮੰਡੀ ਦੀ ਸਮੇਂ ਸਮੇਂ ’ਤੇ ਚੈਕਿੰਗ ਕੀਤੀ ਜਾਵੇ। ਕਿਸੇ ਵੀ ਆੜ੍ਹਤੀ ਅਤੇ ਕਿਸਾਨ ਨੂੰ ਫਸਲ ਵੇਚਣ ਦੇ ਕੰਮ ਵਿਚ ਦਿੱਕਤ ਨਾ ਆਵੇ। ਉਨ੍ਹਾਂ ਰਤੀਆ ਦੀ ਅਨਾਜ ਮੰਡੀ ਦਾ ਦੌਰਾ ਕਰਦੇ ਹੋਏ ਫਸਲ ਦੀ ਆਮਦ ਦਾ ਜਾਇਜ਼ਾ ਲਿਆ।