ਪੱਤਰ ਪ੍ਰੇਰਕ
ਰਤੀਆ, 7 ਜੂਨ
ਕੋਵਿਡ ਦੇ ਪ੍ਰਭਾਵ ਦੇ ਚੱਲਦੇ ਸਰਕਾਰ ਵਲੋਂ ਲਗਾਏ ਲੌਕਡਾਊਨ ਵਿਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਇਥੇ ਡਾਕਘਰ ਕੋਲ ਦੀ ਮਾਰਕੀਟ ਵਿਚ ਬੀਤੀ ਰਾਤ ਚੋਰ ਸਰਕਾਰੀ ਬੀਜ ਨਿਗਮ ਵਿਕਰੀ ਕੇਂਦਰ ਦੇ ਤਾਲੇ ਤੋੜ ਕੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਚੋਰਾਂ ਨੇ ਇਸ ਤੋਂ ਪਹਿਲਾਂ ਵੀ ਨਾਲ ਲੱਗਦੇ ਹੋਰ ਬੀਜ ਕੇਂਦਰਾਂ ਵਿੱਚ ਚੋਰੀਆਂ ਕੀਤੀਆਂ ਸਨ। ਵਿਕਰੀ ਕੇਂਦਰ ’ਤੇ ਪਹੁੰਚੇ ਵਿਕਰੇਤਾ ਰਾਕੇਸ਼ ਕੁਮਾਰ ਨੇ ਦੇਖਿਆ ਤਾਂ ਵਿਕਰੀ ਕੇਂਦਰ ਦੇ ਮੁੱਖ ਗੇਟ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਵੀ ਉੱਪਰ ਚੁੱਕਿਆ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਵਿਭਾਗ ਦੇ ਅਧਿਕਾਰੀਆਂ ਅਤੇ ਪੁਲੀਸ ਨੂੰ ਦਿੱਤੀ। ਚੋਰਾਂ ਨੇ ਚੋਰੀ ਕਰਨ ਤੋਂ ਪਹਿਲਾਂ ਨਾਲ ਲੱਗਦੀ ਦੁਕਾਨ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਵੀ ਤੋੜ ਦਿੱਤਾ ਸੀ ਅਤੇ ਕੈਮਰੇ ਨੂੰ ਤੋੜਦੇ ਸਮੇਂ ਉਨ੍ਹਾਂ ਦੀਆਂ ਕੁਝ ਫੋਟੋਆਂ ਕੈਮਰੇ ਵਿਚ ਵੀ ਕੈਦ ਹੋਈਆਂ ਹਨ। ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲੀਸ ਨੂੰ ਵਿਕਰੇਤਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਦੇ 5 ਵਜੇ ਵਿਕਰੀ ਕੇਂਦਰ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ ਅਤੇ ਅੱਜ ਸਵੇਰੇ 9 ਵਜੇ ਕੇਂਦਰ ’ਤੇ ਪਹੁੰਚਿਆ ਤਾਂ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸ਼ਟਰ ਦਾ ਕੁੱਝ ਹਿੱਸਾ ਉਪਰ ਚੁੱਕਿਆ ਪਿਆ ਸੀ। ਉਸ ਦੱਸਿਆ ਕਿ ਕੇਂਦਰ ਵਿੱਚ ਪੂਰਾ ਸਾਮਾਨ ਖਿੱਲਰਿਆ ਪਿਆ ਤੇ ਨਕਦੀ ਵੀ ਗਾਇਬ ਸੀ। ਉਧਰ ਪੁਲੀਸ ਨੇ ਕਿਹਾ ਕਿ ਚੋਰਾਂ ਨੂੰ ਛੇਤੀ ਫੜ ਲਿਆ ਜਾਵੇਗਾ।