ਪੱਤਰ ਪ੍ਰੇਰਕ
ਕਾਲਾਂਵਾਲੀ, 21 ਜੁਲਾਈ
ਮੀਂਹ ਤੋਂ ਬਾਅਦ ਪਿੰਡ ਸੁਖਚੈਨ ਦੀ ਸੂਬਾ ਖੇੜਾ ਰੋਡ ’ਤੇ ਸਥਿਤ ਢਾਣੀਆਂ ਤੋਂ ਬੱਸ ਸਟੈਂਡ, ਭਾਦਰਾ ਰੋਡ, ਸੁਸਾਇਟੀ ਰੋਡ ਆਦਿ ਤੱਕ ਸੜਕ ’ਤੇ ਪਾਣੀ ਭਰ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੱਸ ਸਟੈਂਡ ਨੇੜੇ ਸੜਕ ’ਤੇ ਪਾਣੀ ਭਰਨ ਦੌਰਾਨ ਝੋਨਾ ਲਾਉਂਦਿਆਂ ਅਨੋਖੇ ਢੰਗ ਨਾਲ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਿੰਡ ਵਾਸੀ ਗੁਰਨਾਮ ਸਿੰਘ, ਰਾਜਵਿੰਦਰ ਸਿੰਘ, ਕਾਕਾ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ, ਤਰਸੇਮ ਸਿੰਘ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਝੋਨਾ ਲਗਾਉਣ ਸਮੇਂ ਸੜਕ ’ਤੇ ਦੋ ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸੜਕ ’ਤੇ ਝੋਨਾ ਲਾ ਕੇ ਉਨ੍ਹਾਂ ਇਸ ਸਮੱਸਿਆ ਦਾ ਸੁਨੇਹਾ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਪਿੰਡ ਦੀ ਮੁੱਖ ਸੜਕ ’ਤੇ ਪਾਣੀ ਭਰਨ ਅਤੇ ਸੜਕ ਦੇ ਨਾਲ ਕੂੜੇ ਦੇ ਢੇਰਾਂ ਕਾਰਨ ਸੜਕ ’ਤੇ ਆਵਾਜਾਈ ’ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।