ਪੱਤਰ ਪ੍ਰੇਰਕ
ਜੀਂਦ, 16 ਜਨਵਰੀ
ਜੀਂਦ ਜ਼ਿਲ੍ਹੇ ਵਿੱਚ ਇੱਕ ਹੀ ਦਿਨ ਵਿੱਚ 157 ਮਾਮਲੇ ਨਵੇਂ ਮਾਮਲੇ ਆਉਣ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ 488 ਹੋ ਗਈ ਹੈ। ਕਰੋਨਾ ਦੀ ਵੱਧ ਰਹੀ ਬਿਮਾਰੀ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਕਰੋਨਾ ਦੀ ਸੈਂਪਲਿੰਗ ਅਤੇ ਵੈਕਸੀਨ ਕਰਨ ਦੀ ਗਤੀ ਤੇਜ਼ ਕਰ ਦਿੱਤੀ ਹੈ। ਕਰੋਨਾ ਦੇ ਮਿਲੇ ਇਨ੍ਹਾਂ 157 ਮਾਮਲਿਆਂ ਵਿੱਚ ਸਫੀਦੋਂ ਦੇ ਸਰਕਾਰੀ ਕਾਲਜ ਦੇ ਸਟਾਫ ਮੈਂਬਰ ਤੋਂ ਲੈ ਕੇ ਜੀਂਦ ਦੇ ਸਿਵਲ ਹਸਪਤਾਲ ਅਤੇ ਸੀਐੱਚਸੀ ਕਾਲਵਾ ਦੇ ਸਟਾਫ ਮੈਂਬਰ ਵੀ ਸ਼ਾਮਲ ਹਨ। ਸੀਐੱਮ ਸੁਸਾਸ਼ਨ ਸਹਿਯੋਗੀ ਅਤੇ ਹਸਪਤਾਲ ਦੀਆਂ ਦੋ ਮਹਿਲਾ ਡਾਕਟਰਾਂ ਸਮੇਤ ਤਿੰਨ ਡਾਕਟਰ ਸ਼ਾਮਲ ਹਨ। ਇਸ ਤੋਂ ਇਲਾਵਾ ਕਰੋਨਾ ਪਾਜ਼ੇਟਿਵ ਮਿਲੇ ਲੋਕਾਂ ਵਿੱਚ 22 ਸਾਲਾ ਦੀ ਉਮਰ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਦੇ ਲੋਕ ਸ਼ਾਮਲ ਹਨ। ਕੋਵਿਡ-19 ਦੇ ਨੋਡਲ ਅਧਿਕਾਰੀ ਤੇ ਡਿਪਟੀ ਸਿਵਲ ਸਰਜਨ ਡਾ. ਪਾਲੇ ਰਾਮ ਕਟਾਰੀਆ ਨੇ ਦੱਸਿਆ ਕਿ ਕਰੋਨਾ ਪਾਜ਼ੇਟਿਵ ਮਿਲੇ ਲੋਕਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸਿਹਤ ਵਿਭਾਗ ਦੁਆਰਾ ਸੂਚੀ ਤਿਆਰ ਕੀਤੀ ਜਾ ਰਹੀ ਹੈ। ਡਾ. ਪਾਲੇ ਰਾਮ ਕਟਾਰੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਕੁੱਲ 1158 ਮਰੀਜ਼ਾਂ ਦੇ ਨਮੂਨਿਆਂ ਦੀ ਜਾਂਚ ਰਿਪੋਰਟ ਮਿਲੀ, ਜਿਨ੍ਹਾਂ ’ਚੋਂ 157 ਲੋਕ ਪਾਜ਼ੇਟਿਵ ਮਿਲੇ ਹਨ।
ਸਿਹਤ ਵਿਭਾਗ ਵੱਲੋਂ ਸੈਂਪਲਿੰਗ ਤੇਜ਼
ਰਤੀਆ (ਪੱਤਰ ਪ੍ਰੇਰਕ): ਕਰੋਨਾ ਮਹਾਮਾਰੀ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਸ਼ਹਿਰ ਦੇ ਭੀੜਭਾੜ ਵਾਲੇ ਖੇਤਰਾਂ ’ਚ ਕਰੋਨਾ ਸੈਂਪਲਿੰਗ ਦਾ ਕਾਰਜ ਬੜੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਹਰ ਰੋਜ਼ ਸੈਂਕੜੇ ਕਰੋਨਾ ਸੈਂਪਲ ਲੈ ਕੇ ਜਾਂਚ ਲਈ ਬਡੋਪਲ ਦੀ ਲੈਬ ’ਚ ਭੇਜੇ ਜਾ ਰਹੇ ਹਨ। ਇਸ ਸੈਂਪਲਿੰਗ ’ਚ ਕਰੋਨਾ ਦੀ ਲਾਗ ਵਾਲੇ ਮਰੀਜ਼ਾਂ ਨੂੰ ਘਰਾਂ ਅੰਦਰ ਇਕਾਂਤਵਾਸ ਕੀਤਾ ਜਾ ਰਿਹਾ ਹੈ। ਨਾਗਰਿਕ ਹਸਪਤਾਲ ਦੇ ਮੁਖੀ ਡਾ. ਭਰਤ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਤੋ ਬਚਾਅ ਲਈ ਬੜੀ ਤੇਜ਼ੀ ਨਾਲ ਵੈਕਸ਼ੀਨੇਸ਼ਨ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ।