ਪੱਤਰ ਪ੍ਰੇਰਕ
ਰਤੀਆ, 31 ਅਕਤੂਬਰ
ਝੋਨੇ ਦੀ ਆਮਦ ਤੇਜ਼ ਹੋਣ ’ਤੇ ਅਨਾਜ ਮੰਡੀ ਵਿੱਚ ਜਾਮ ਦੀ ਸਮੱਸਿਆ ਹੋਣ ਲੱਗੀ ਹੈ। ਭਾਵੇਂ ਇਸ ਸਮੱਸਿਆ ਦੇ ਮੱਦੇਨਜ਼ਰ ਮਾਰਕੀਟ ਕਮੇਟੀ ਵੱਲੋਂ ਮੰਡੀ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ ਪ੍ਰੰਤੂ ਕਿਸਾਨਾਂ ਵੱਲੋਂ ਝੋਨੇ ਦੀਆਂ ਟਰਾਲੀਆਂ ਉਤਾਰਣ ਤੋਂ ਬਾਅਦ ਵੀ ਮੰਡੀ ਵਿੱਚੋਂ ਨਾ ਕੱਢੇ ਜਾਣ ਕਾਰਨ ਜਾਮ ਦੀ ਸਮੱਸਿਆ ਬਣੀ ਹੋਈ ਹੈ। ਇਸ ਨਾਲ ਮੰਡੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਪ੍ਰੇਸ਼ਾਨੀ ਹੋਣ ਲੱਗੀ ਹੈ। ਉਨ੍ਹਾਂ ਇਸ ਜਾਮ ਕਾਰਨ ਮੰਡੀ ਵਿੱਚ ਹੜਤਾਲ ਕਰਨ ਦੀ ਚਿਤਾਵਨੀ ਤੱਕ ਦੇ ਦਿੱਤੀ ਹੈ। ਦੂਜੇ ਪਾਸੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਇਸ ਜਾਮ ਦੀ ਸਥਿਤੀ ਨਾਲ ਨਿਪਟਨ ਲਈ ਪੁਲੀਸ ਪ੍ਰਸ਼ਾਸਨ ਦਾ ਸਹਿਯੋਗ ਲਿਆ ਹੈ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਹਾਇਕ ਸਕੱਤਰ ਨਿਸ਼ਾਂਤ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੁਝ ਵਪਾਰੀਆਂ ਵੱਲੋਂ ਖਾਲੀ ਟਰਾਲੀਆਂ ਮੰਡੀ ਵਿੱਚੋਂ ਬਾਹਰ ਨਹੀਂ ਕੱਢੀਆਂ ਗਈਆਂ। ਹੁਣ ਇਸ ਸਬੰਧੀ ਹਦਾਇਤਾਂ ਜਾਰੀ ਕਰ ਕੇ ਮੰਡੀ ਦੇ ਗੇਟਾਂ ਖੋਲ੍ਹੇ ਗਏ ਹਨ।