ਪੱਤਰ ਪ੍ਰੇਰਕ
ਰਤੀਆ, 30 ਅਕਤੂਬਰ
ਨੇੜਲੇ ਪਿੰਡ ਲਾਲੀ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਦੇ ਬਾਹਰ ਖੜੀ ਝੋਨੇ ਨਾਲ ਭਰੀ ਟਰੈਕਟਰ ਟਰਾਲੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਟਰਾਲੀ ਦੇ ਮਾਲਕਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ, ਜਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰੀ ਹੋਏ ਟਰੈਕਟਰ ਟਰਾਲੀ ਦੇ ਮਾਲਕ ਅਨੁਸਾਰ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਉਕਤ ਟਰਾਲੀ ਪਿੰਡ ਨਾਗਪੁਰ ਵੱਲ ਜਾਂਦੀ ਦਿਖਾਈ ਦਿੱਤੀ ਹੈ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਆਪਣੇ ਘਰ ਅੱਗੇ ਬੀਤੀ ਰਾਤ ਉਕਤ ਟਰੈਕਟਰ ਟਰਾਲੀ ਆਪਣੇ ਘਰ ਅੱਗੇ ਖੜੀ ਕੀਤੀ ਸੀ ਤਾਂ ਕਿ ਉਸ ਨੂੰ ਸਵੇਰੇ ਮੰਡੀ ਵਿੱਚ ਵੇਚਣ ਲਈ ਲਿਜਾਇਆ ਜਾ ਸਕੇ ਪ੍ਰੰਤੂ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਉਕਤ ਟਰਾਲੀ ਸਮੇਤ ਟਰੈਕਟਰ ਗਾਇਬ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।