ਪੱਤਰ ਪ੍ਰੇਰਕ
ਰਤੀਆ, 17 ਅਪਰੈਲ
ਪੰਜਾਬ ਦੇ ਪਿੰਡ ਰਿਉਂਦੇ ਖੁਰਦ ਦਾ ਇਕ ਨੌਜਵਾਨ ਭਾਖੜਾ ਨਹਿਰ ਵਿਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ। ਆਸ ਪਾਸ ਦੇ ਲੋਕਾਂ ਨੇ ਜਦੋਂ ਨੌਜਵਾਨ ਨੂੰ ਪਾਣੀ ਵਿਚ ਵਹਿੰਦਾ ਦੇਖਿਆ ਤਾਂ ਉਨ੍ਹਾਂ ਇਸ ਦੀ ਸੂਚਨਾ ਬ੍ਰਾਹਮਣਵਾਲਾ ਪੁਲੀਸ ਨੂੰ ਦਿੱਤੀ। ਚੌਂਕੀ ਇੰਚਾਰਜ ਮਹਿੰਦਰ ਸਿੰਘ ਦੀ ਅਗਵਾਈ ਵਿਚ ਪਹੁੰਚੀ ਪੁਲੀਸ ਟੀਮ ਨੇ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਮਾਮਲੇ ਦੀ ਸੂਚਨਾ ਪੰਜਾਬ ਦੇ ਬੋਹਾ ਥਾਣਾ ਨੂੰ ਵੀ ਦਿੱਤੀ।
ਜਾਣਕਾਰੀ ਅਨੁਸਾਰ ਪੰਜਾਬ ਦੇ ਰਿਉਂਦ ਖੁਰਦ ਇਲਾਕੇ ਦਾ ਰਹਿਣ ਵਾਲਾ 16 ਸਾਲਾ ਕਮਲਦੀਪ ਬੀਤੇ ਦਿਨ ਸਵੇਰੇ ਆਪਣੇ ਹੋਰ 3 ਦੋਸਤਾਂ ਨਾਲ ਨਹਾਉਣ ਲਈ ਪਿੰਡ ਰੋਝਾਂਵਾਲੀ ਭਾਖੜਾ ਨਹਿਰ ’ਤੇ ਆਇਆ ਸੀ ਅਤੇ ਉਕਤ ਨੌਜਵਾਨ ਰੋਝਾਂਵਾਲੀ ਤੋਂ ਅੱਗੇ ਪੰਜਾਬ ਇਲਾਕੇ ਵਿਚ ਆਉਣ ਵਾਲੇ ਇਕ ਲੱਕੜ ਦੇ ਪੁਲ ਕੋਲ ਨਹਾਉਣ ਲੱਗੇ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਕਮਲਦੀਪ ਨੇ ਨਹਿਰ ਵਿਚ ਨਹਾਉਣ ਲਈ ਛਾਲ ਮਾਰ ਦਿੱਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਉਪਰ ਨਹੀਂ ਆ ਸਕਿਆ ਅਤੇ ਪਾਣੀ ਦੇ ਵਹਾਓ ਨਾਲ ਵਹਿ ਗਿਆ। ਦੱਸਿਆ ਜਾਂਦਾ ਹੈ ਕਿ ਕਮਲਦੀਪ ਦੇ ਦੋਸਤਾਂ ਅਤੇ ਆਸ ਪਾਸ ਦੇ ਲੋਕਾਂ ਨੇ ਉਸ ਨੂੰ ਬਚਾਉਣ ਦੇ ਕਾਫ਼ੀ ਯਤਨ ਕੀਤੇ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਸੂਚਨਾ ਮਿਲਣ ’ਤੇ ਪੁਲੀਸ ਚੌਂਕੀ ਇੰਚਾਰਜ ਮਹਿੰਦਰ ਸਿੰਘ ਪੁਲੀਸ ਬਲ ਦੇ ਨਾਲ ਮੌਕੇ ’ਤੇ ਪਹੁੰਚੇ ਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਕਮਲਦੀਪ ਦਾ ਕੋਈ ਪਤਾ ਨਹੀਂ ਚੱਲ ਸਕਿਆ। ਇਸ ਉਪਰੰਤ ਬੋਹਾ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਗੋਤਾਖੋਰ ਨੌਜਵਾਨ ਨੂੰ ਲੱਭ ਰਹੇ ਸਨ।