ਪੱਤਰ ਪ੍ਰੇਰਕ
ਯਮੁਨਾਨਗਰ, 24 ਮਈ
ਇੱਥੋਂ ਦੇ ਸਢੌਰਾ ਥਾਣੇ ਅਧੀਨ ਪੈਂਦੇ ਪਿੰਡ ਯਾਸੀਨ ਮਾਜਰੀ ਵਿੱਚ ਇੱਕ ਨੌਜਵਾਨ ਦਾ ਡੰਡਿਆਂ ਨਾਲ ਕੁੱਟ ਕੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਮੁਲਜ਼ਮ ਅਜੇ ਤੱਕ ਫਰਾਰ ਹਨ। ਪਿੰਡ ਯਾਸੀਨ ਮਾਜਰੀ ਵਾਸੀ ਜਤਿੰਦਰ ਉਰਫ ਕਾਲਾ ਨੇ ਸਢੌਰਾ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ 35 ਸਾਲਾ ਭਰਾ ਸੰਜੀਵ ਕੰਮ ਖਤਮ ਕਰਕੇ ਘਰ ਪਰਤਿਆ ਹੀ ਸੀ ਕਿ ਪਿੰਡ ਦੇ ਹੀ ਰਹਿਣ ਵਾਲੇ ਜਾਗੀਰ ਸਿੰਘ ਅਤੇ ਬਲਜੀਤ ਸਿੰਘ ਕਲੇਰ ਉਸ ਨੂੰ ਬੁਲਾ ਕੇ ਲੈ ਗਏ। ਉਨ੍ਹਾਂ ਨੇ ਪਹਿਲਾਂ ਉਸ ਨੂੰ ਸ਼ਰਾਬ ਪਿਲਾਈ ਅਤੇ ਬਾਅਦ ਵਿੱਚ ਡੰਡੇ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਸ਼ਿਕਾਇਤ ਵਿੱਚ ਦੱਸਿਆ ਕਿ ਮ੍ਰਿਤਕ ਦੀ ਦੇਹ ਖੇਤਾਂ ਵਿੱਚ ਮਿਲੀ ਹੈ। ਏਐੱਸਆਈ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ।