ਮਹਾਂਵੀਰ ਮਿੱਤਲ
ਜੀਂਦ, 28 ਫਰਵਰੀ
ਜ਼ਿਲ੍ਹੇ ਤੋਂ ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ ਗਿਆ ਜੀਂਦ ਵਾਸੀ ਤਰਸੇਮ ਗੋਇਲ ਦਾ ਪੁੱਤਰ ਮਾਯੰਕ ਗੋਇਲ ਆਪਣੇ ਘਰ ਸੁਰੱਖਿਅਤ ਪਰਤ ਆਇਆ ਹੈ। ਉਸ ਦੀ ਵਾਪਸੀ ’ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮਾਯੰਕ ਗੋਇਲ ਨੇ ਦੱਸਿਆ ਕਿ ਉਹ ਯੂਕਰੇਨ ਵਿੱਚ ਐੱਮਬੀਬੀਐੱਸ ਦੇ ਆਖਰੀ ਸਾਲ ਦਾ ਵਿਦਿਆਰਥੀ ਹੈ ਤੇ ਉਹ ਜੀਂਦ ਜ਼ਿਲ੍ਹੇ ਦੇ ਐੱਮਬੀਬੀਐੱਸ ਦੇ ਵਿਦਿਆਰਥੀਆਂ ਦੀ ਟੀਮ ਦਾ ਲੀਡਰ ਵੀ ਹੈ। ਉਸ ਨੇ ਦੱਸਿਆ ਕਿ ਉਥੇ ਪਹਿਲਾਂ ਤਾਂ ਹਾਲਾਤ ਆਮ ਜਿਹੇ ਸਨ ਪਰ ਜਦੋਂ ਰੂਸ ਨੇ ਪਹਿਲਾ ਹਮਲਾ ਕੀਤਾ ਤਾਂ ਹਾਲਾਤ ਕਾਫ਼ੀ ਖਰਾਬ ਹੋ ਗਏ।
ਉਸ ਨੇ ਦੱਸਿਆ ਕਿ ਉਹ 23 ਫਰਵਰੀ ਦੀ ਰਾਤ ਨੂੰ ਕਿਸੇ ਤਰ੍ਹਾਂ ਜਹਾਜ਼ ਫੜਨ ਵਿੱਚ ਕਾਮਯਾਬ ਹੋ ਗਿਆ ਅਤੇ ਜੀਂਦ ਪਹੁੰਚ ਗਿਆ। ਉਸ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਓਨੀ ਮਦਦ ਨਹੀਂ ਕਰ ਰਿਹਾ ਹੈ ਜਿੰਨੀ ਮੀਡੀਆ ਵਿੱਚ ਪ੍ਰਚਾਰ ਹੋ ਰਿਹਾ ਹੈ।
ਉਧਰ ਦੂਜੇ ਪਾਸੇ ਇਸ ਮੁੱਦੇ ’ਤੇ ਜਦੋਂ ਜੀਂਦ ਦੇ ਡੀਸੀ ਮਨੋਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਲਈ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰਾਲਾ ਹਰ ਸੰਭਵ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਿਕ ਯੂਕਰੇਨ ਤੋਂ ਦਿੱਲੀ ਆਉਣ ਮਗਰੋਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕੋਈ ਦਿੱਕਤ ਨਹੀਂ ਆਉਣ ਦੇਵੇਗਾ।