ਪੱਤਰ ਪ੍ਰੇਰਕ
ਫਰੀਦਾਬਾਦ, 17 ਸਤੰਬਰ
ਸਥਾਨਕ ਪੁਲੀਸ ਨੇ ਸੈਕਟਰ-20 ਕ੍ਰਿਸ਼ਨਾ ਕਲੋਨੀ ਵਿੱਚ ਨਸ਼ਾ ਤਸਕਰਾਂ ਦੀ ਇੱਕ ਇਮਾਰਤ ਨੂੰ ਢਾਹ ਦਿੱਤਾ। ਇਸ ਮੌਕੇ ਉੱਚ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਮੌਜੂਦ ਸੀ, ਜਿਨ੍ਹਾਂ ਦੀ ਦੇਖ-ਰੇਖ ’ਚ ਇਹ ਸਾਰੀ ਕਾਰਵਾਈ ਸ਼ਾਂਤੀਪੂਰਵਕ ਨੇਪਰੇ ਚੜ੍ਹੀ| ਪੁਲੀਸ ਚੌਕੀ ਸੈਕਟਰ-11 ਇਲਾਕੇ ਦੀ ਕ੍ਰਿਸ਼ਨਾ ਕਲੋਨੀ ਵਿੱਚ ਮਹਿਲਾ ਮੁਲਜ਼ਮ ਮਾਇਆ ਅਤੇ ਉਸ ਦੇ ਦੋ ਪੁੱਤਰਾਂ ਅਰੁਣ ਅਤੇ ਤਰੁਣ ਵੱਲੋਂ ਨਾਜਾਇਜ਼ ਸ਼ਰਾਬ, ਜੂਆ ਤੇ ਨਸ਼ਾ ਤਸਕਰੀ ਰਾਹੀਂ ਨਾਜਾਇਜ਼ ਤੌਰ ’ਤੇ ਕੀਤੀ ਕਮਾਈ ਨਾਲ ਬਣਾਈ ਜਾਇਦਾਦ ਨੂੰ ਢਾਹਿਆ ਗਿਆ ਹੈ। ਮਹਿਲਾ ਮੁਲਜ਼ਮ ਦੇ ਖ਼ਿਲਾਫ਼ ਨਾਜਾਇਜ਼ ਸ਼ਰਾਬ ਅਤੇ ਐੱਨਡੀਪੀਐੱਸ ਦੇ 12 ਮਾਮਲੇ, ਅਰੁਣ ਖ਼ਿਲਾਫ਼ ਜੂਆ, ਨਾਜਾਇਜ਼ ਸ਼ਰਾਬ ਤੇ ਐੱਨਡੀਪੀਐੱਸ ਦੇ 14 ਅਤੇ ਤਰੁਣ ਖ਼ਿਲਾਫ਼ ਲੜਾਈ-ਝਗੜੇ, ਐੱਨਡੀਪੀਐੱਸ ਤੇ ਨਾਜਾਇਜ਼ ਸ਼ਰਾਬ ਦੇ ਚਾਰ ਕੇਸ ਦਰਜ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਇਆ ਪਹਿਲਾਂ ਅਜਰੌਂਦਾ ਵਿੱਚ ਰਹਿੰਦੀ ਸੀ, 15 ਸਾਲ ਪਹਿਲਾਂ ਮਾਇਆ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਕ੍ਰਿਸ਼ਨਾ ਕਲੋਨੀ ਵਿੱਚ ਆ ਕੇ ਹੁੱਡਾ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਝੁੱਗੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਰੀਬ 500 ਗਜ਼ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਲਿਆ। ਉਸ ਨੇ ਨਾਜਾਇਜ਼ ਕਬਜ਼ਿਆਂ ਵਾਲੀ ਜ਼ਮੀਨ ’ਤੇ ਆਪਣਾ ਮਕਾਨ ਅਤੇ ਕਮਰੇ ਬਣਾਏ ਹੋਏ ਸਨ, ਜਿਸ ਤੋਂ ਮੁਲਜ਼ਮਾਂ ਵੱਲੋਂ ਕਿਰਾਇਆ ਵਸੂਲਿਆ ਜਾਂਦਾ ਸੀ। ਮੁਲਜ਼ਮ ਪਿਛਲੇ ਕਰੀਬ 6-7 ਸਾਲਾਂ ਤੋਂ ਨਾਜਾਇਜ਼ ਸ਼ਰਾਬ ਅਤੇ ਨਾਜਾਇਜ਼ ਨਸ਼ਾ ਵੇਚਣ ਦਾ ਕੰਮ ਕਰਦੇ ਸਨ ਅਤੇ ਇਸ ਦੇ ਨਾਲ ਹੀ ਸੱਟੇ ਦਾ ਨਾਜਾਇਜ਼ ਧੰਦਾ ਵੀ ਕਰਦੇ ਸਨ। ਅਧਿਕਾਰੀ ਨੇ ਦੱਸਿਆ ਕਿ ਉਪਰੋਕਤ ਕੇਸਾਂ ਵਿੱਚ ਮੁਲਜ਼ਮ ਜੇਲ੍ਹ ਦੀ ਸਜ਼ਾ ਵੀ ਭੁਗਤ ਚੁੱਕੇ ਹਨ ਅਤੇ ਕੁਝ ਕੇਸ ਅਜੇ ਵੀ ਚੱਲ ਰਹੇ ਹਨ।