ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਅਗਸਤ
ਸੂਬੇ ਦੀ ਭਾਜਪਾ ਸਰਕਾਰ ਦਾਦੂਪੁਰ ਨਲਵੀ ਨਹਿਰ ਯੋਜਨਾ ਨੂੰ ਬੰਦ ਕਰਨ ਉਪਰੰਤ ਕਿਸਾਨਾਂ ਦੀ ਮੰਗ ਮੁਤਾਬਿਕ ਉਨ੍ਹਾਂ ਦੀ ਜ਼ਮੀਨ ਵਾਪਸ ਮੋੜ ਰਹੀ ਹੈ। ਸਾਲ 1985 ਵਿਚ ਦਾਦੂਪੁਰ ਨਲਵੀ ਨਹਿਰ ਯੋਜਨਾ ਸ਼ੁਰੂ ਹੋਈ ਸੀ, ਜਿਸ ਲਈ ਸਾਲ 1987-90 ਦੌਰਾਨ 190.67 ਏਕੜ ਜ਼ਮੀਨ ਐਕੁਆਇਰ ਕੀਤੀ ਗਈ, ਪਰ ਯੋਜਨਾ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ। 2004 ਵਿਚ ਜ਼ਮੀਨ ਐਕੁਆਇਰ ਹੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਦਾਦੂਪੁਰ ਤੋਂ ਕੁਰੂਕਸ਼ੇਤਰ ਦੇ ਸ਼ਾਹਬਾਦ ਤਕ ਕੁੱਲ 860 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਤੇ ਕਈ ਥਾਈਂ ਨਹਿਰ ਤਿਆਰ ਵੀ ਹੋਈ ਸੀ, ਪਰ ਇਸ ਵਿਚ ਪਾਣੀ ਆਉਣ ਦੀ ਸੰਭਵਾਨਾ ਨਹੀਂ ਸੀ। ਦੱਸਣਯੋਗ ਹੈ ਕਿ ਇਸ ਸਬੰਧੀ ਇਲਾਕੇ ਦੇ ਕਿਸਾਨ ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਆਪਣੀ ਜ਼ਮੀਨ ਵਾਪਸ ਲੈਣ ਦੀ ਇੱਛਾ ਜ਼ਾਹਿਰ ਕੀਤੀ, ਜਿਸ ਮਗਰੋਂ ਕਿਸਾਨਾਂ ਦੀ 834 ਏਕੜ ਜ਼ਮੀਨ ਸਰਕਾਰ ਨੇ ਡੀ ਨੋਟੀਫਾਈਡ ਕਰ ਦਿੱਤੀ। ਅੱਜ ਕਿਸਾਨਾਂ ਨੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਸਾਬਕਾ ਸਰਕਾਰਾਂ ਨੇ ਕਿਸਾਨਾਂ ਨੂੰ ਧੋਖੇ ਵਿੱਚ ਹੀ ਰੱਖਿਆ ਸੀ। ਰਾਜਬੀਰ ਸਿੰਘ ਪਾਡਲੂ, ਸਰਪੰਚ ਹਰਪ੍ਰੀਤ ਸਿੰਘ ਤੇ ਨਰੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਬਿਨਾ ਵਿਆਜ ਕਿਸਾਨਾਂ ਤੋਂ ਰਕਮ ਵਾਪਸ ਲਈ ਹੈ। ਪ੍ਰਭਾਵਿਤ ਕਿਸਾਨ ਖੁਸ਼ੀ ਨਾਲ ਇਸ ਜ਼ਮੀਨ ਦੀ ਭਰਪਾਈ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਡਾਡਲੂ, ਪਾਡਲੂ ਤੇ ਦਾਮਲੀ ਪਿੰਡ ਦੀ ਹੀ ਕਰੀਬ 125 ਟੇਕੜ ਜ਼ਮੀਨ ਐਕੁਆਇਰ ਹੋਈ ਜਦਕਿ ਪਿੰਡ ਰਾਵਾ ਦੀ ਕਰੀਬ 60 ਏਕੜ ਜ਼ਮੀਨ ਐਕੁਆਇਰ ਹੋਈ। ਹੁਣ ਸਰਕਾਰ ਨੇ ਐੱਨਓਸੀ ਦੇ ਦਿੱਤੀ ਹੈ ਤੇ ਜ਼ਮੀਨ ਵਾਪਸ ਕਰ ਦਿੱਤੀ ਹੈ।