ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਅਕਤੂਬਰ
ਸ਼ਾਹਬਾਦ ਦੇ ਸਿੱਖ ਭਾਈਚਾਰੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਸ਼ਾਹਬਾਦ ਬਰਾੜ ਰੋਡ ’ਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਗੇਟ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਵਿਧਾਇਕ ਰਾਮ ਕਰਣ ਕਾਲਾ ਦੇ ਯਤਨਾਂ ਸਦਕਾ ਇਸ ਪ੍ਰਾਜੈਕਟ ਨੂੰ ਬੂਰ ਪਿਆ। ਪਿਛਲੇ ਦੋ-ਤਿੰਨ ਮਹੀਨੇ ਤੋਂ ਇਸ ਦੀ ਉਸਾਰੀ ਦੇ ਕਾਰਜ ਠੱਪ ਪਏ ਹਨ। ਪਿਛਲੇ ਸਾਲ 20 ਫਰਵਰੀ ਨੂੰ ਵਿਧਾਇਕ ਰਾਮ ਕਰਨ ਨੇ ਇਸ ਦੀ ਸ਼ੁਰੂਆਤ ਕਰਦੇ ਭਰੋਸਾ ਦਿੱਤਾ ਸੀ ਕਿ ਇਹ ਸ਼ਹੀਦੀ ਗੇਟ ਛੇਤੀ ਹੀ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸੀ ਇਸ ’ਤੇ ਡੇਢ ਕਰੋੜ ਰੁਪਏ ਖ਼ਰਚ ਆਉਣਗੇ, ਜਦਕਿ ਹੁਣ ਅਧਿਕਾਰਕ ਅੰਕੜਿਆਂ ਮੁਤਾਬਿਕ ਇਸ ’ਤੇ ਢਾਈ ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ।
ਜ਼ਿਕਰਯੋਗ ਹੈ ਕਿ ਸ਼ਾਹਬਾਦ ਦੀ ਧਰਤੀ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਵਡਾ ਇਤਹਿਾਸ ਜੁੜਿਆ ਹੋਇਆ ਹੈ। 11 ਸਤੰਬਰ 2016 ਨੂੰ ਇੱਕ ਵਿਸ਼ਾਲ ਸਿੱਖ ਜਨ ਸਭਾ ਵਿੱਚ ਤਤਕਾਲੀਨ ਰਾਜ ਮੰਤਰੀ ਤੇ ਸ਼ਾਹਬਾਦ ਤੋਂ ਵਿਧਾਇਕ ਕ੍ਰਿਸ਼ਨ ਕੁਮਾਰ ਬੇਦੀ ਨੇ ਇਹ ਗੇਟ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਇਸ ਲਈ ਤਿੰਨ ਕਰੋੜ 79 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਸੀ। ਪਰ ਗੇਟ ਲਈ ਜਿਸ ਥਾਂ ਦੀ ਮਨਜ਼ੂਰੀ ਦਿੱਤੀ ਗਈ, ਉਹ ਸ਼ਹਿਰ ਤੋਂ ਦੂਰ ਸੀ।
ਨਿਸ਼ਕਾਮ ਸੁਸਾਇਟੀ ਨੇ ਰੋਸ ਜ਼ਾਹਿਰ ਕਰਦਿਆਂ ਕੰਮ ’ਤੇ ਰੋਕ ਲਗਵਾ ਦਿੱਤੀ। ਇਸ ਤੋਂ ਬਾਅਦ ਇਹ ਯੋਜਨਾ ਠੰਢੇ ਬਸਤੇ ਵਿਚ ਪੈ ਗਈ । ਇਸ ਤੋਂ ਬਾਅਦ ਵਿਧਾਇਕ ਰਾਮ ਕਰਣ ਕਾਲਾ ਨੇ ਇਸ ਯੋਜਨਾ ਨੂੰ ਮੁੱਖ ਮੰਤਰੀ ਮਨੋਹਰ ਲਾਲ ਕੋਲ ਰੱਖਿਆ, ਪਰ ਇਸ ਲਈ ਡੇਢ ਕਰੋੜ ਰੁਪਏ ਖਰਚ ਦੀ ਮਨਜ਼ੂਰੀ ਹੀ ਮਿਲੀ। ਹੁਣ ਪਿਛਲੇ 2-3 ਮਹੀਨਿਆਂ ਤੋਂ ਕੰਮ ਬੰਦ ਪਿਆ ਹੈ। ਉਧਰ, ਵਿਧਾਇਕ ਰਾਮ ਕਰਨ ਨੇ ਕਿਹਾ ਕਿ ਇਹ ਗੇਟ ਹੁਣ ਛੇਤੀ ਤਿਆਰ ਹੋ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।