ਨਿੱਜੀ ਪੱਤਰ ਪ੍ਰੇਰਕ
ਸਿਰਸਾ, 14 ਜੁਲਾਈ
ਇਥੋਂ ਦੇ ਡੱਬਵਾਲੀ ਰੋਡ ’ਤੇ ਸਥਿਤ ਮਨਦੀਪ ਹਾਰਟ ਹਸਪਤਾਲ ’ਚ ਇਲਾਜ ਦੌਰਾਨ ਇਕ ਮਹਿਲਾ ਦੀ ਮੌਤ ਹੋ ਗਈ। ਪਰਿਵਾਰ ਨੇ ਔਰਤ ਦਾ ਇਲਾਜ ਕਰ ਰਹੇ ਡਾਕਟਰ ’ਤੇ ਲਾਪ੍ਰਵਾਹੀ ਦੇ ਦੋਸ਼ ਲਾਉਂਦਿਆਂ ਹੰਗਾਮਾ ਕੀਤਾ ਤੇ ਡਾਕਟਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਡਾਕਟਰ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਹੰਜੀਰਾ ਵਾਸੀ ਪੰਜਾਹ ਸਾਲਾ ਗੁੱਡੀ ਦੇਵੀ ਦੋ ਦਿਨ ਪਹਿਲਾਂ ਬਿਮਾਰ ਹੋਈ ਸੀ। ਪਰਿਵਾਰਕ ਮੈਂਬਰ ਗੁੱਡੀ ਦੇਵੀ ਨੂੰ ਪੂਨੀਆ ਹਸਪਤਾਲ ਲੈ ਗਏ ਜਿਥੇ ਡਾਕਟਰ ਨੇ ਉਸ ਨੂੰ ਦਿਲ ਦੀ ਬਿਮਾਰੀ ਦੱਸਦਿਆਂ ਮਨਦੀਪ ਹਸਪਤਾਲ ਭੇਜ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਗੁੱਡੀ ਦੇਵੀ ਦੇ ਸਟੰਟ ਪਾਉਣ ਲਈ ਡਾਕਟਰ ਨੇ ਉਨ੍ਹਾਂ ਤੋਂ ਇਕ ਲੱਖ ਰੁਪਏ ਜਮ੍ਹਾਂ ਕਰਵਾ ਲਏ ਪਰ ਡਾਕਟਰ ਨੇ ਸਟੰਟ ਪਾਇਆ ਹੀ ਨਹੀਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਾਰੀ ਰਾਤ ਗੁੱਡੀ ਦੇਵੀ ਦੇ ਪਾਸ ਰਹੇ ਅਤੇ ਸਵੇਰੇ ਗੁੱਡੀ ਦੇਵੀ ਨੂੰ ਚਾਹ ਆਦਿ ਪਿਲਾਉਣ ਮਗਰੋਂ ਉਹ ਰੋਟੀ ਲੈਣ ਲਈ ਘਰ ਗਏ ਤਾਂ ਡਾਕਟਰ ਨੇ ਫੋਨ ਕਰਕੇ ਦੱਸਿਆ ਕਿ ਗੁੱਡੀ ਦੇਵੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਇਹ ਸੂਚਨਾ ਮਿਲਣ ਮਗਰੋਂ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਹਸਪਤਾਲ ਪਹੁੰਚ ਕੇ ਹੰਗਾਮਾ ਕੀਤਾ ਤੇ ਡਾਕਟਰ ’ਤੇ ਇਲਾਜ ਵਿੱਚ ਕੁਤਾਹੀ ਕਰਨ ਦੇ ਦੋਸ਼ ਲਾਏ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਤੇ ਪਰਿਵਾਰ ਨੂੰ ਸਮਝਾ ਕੇ ਸ਼ਾਂਤ ਕੀਤਾ।