ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਯਮੁਨਾ ਨਦੀ ਦਾ ਪਾਣੀ ਪਿਛਲੇ ਦਿਨਾਂ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਸੀ, ਜੋ ਅੱਜ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਗਿਆ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਯਮੁਨਾ ਦੇ ਕਿਨਾਰੇ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਯਮੁਨਾ ਅੱਜ ਸਵੇਰੇ 204.91 ਮੀਟਰ ’ਤੇ ਵਹਿ ਰਹੀ ਸੀ, ਜੋ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਤੋਂ ਬਿਲਕੁਲ ਹੇਠਾਂ ਸੀ। ਯਮੁਨਾ ਨਦੀ ਦਾ ਪਾਣੀ ਨੀਵੇਂ ਇਲਾਕਿਆਂ ਵਿੱਚ ਵੜ੍ਹਨ ਕਾਰਨ ਲੋਕ ਸੜਕਾਂ ਦੇ ਕਿਨਾਰੇ ਰਹਿ ਰਹੇ ਹਨ। ਮਯੂਰ ਵਿਹਾਰ ਫੇਜ਼-1 ਅਤੇ ਅਕਸ਼ਰਧਾਮ ਮੰਦਿਰ ਦੇ ਨੇੜੇ ਨੀਵੇਂ ਇਲਾਕਿਆਂ ਵਿਚ ਯਮੁਨਾ ਨਦੀ ਦੇ ਓਵਰਫਲੋਅ ਹੋਣ ਕਾਰਨ ਹੜ੍ਹ ਆ ਗਏ। ਕੇਜਰੀਵਾਲ ਨੇ ਲੋਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ, ‘ਦਿੱਲੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਵਧਿਆ ਹੈ, ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਨਦੀ ਦੇ ਕਿਨਾਰਿਆਂ ਵੱਲ ਜਾਣ ਤੋਂ ਬਚਣ।’’
ਵਿਦਿਆਰਥੀ ਵੱਲੋਂ ਯਮੁਨਾ ’ਚ ਛਾਲ ਮਾਰ ਕੇ ਖ਼ੁਦਕੁਸ਼ੀ
ਦਿੱਲੀ ਦੇ ਸਿਗਨੇਚਰ ਬ੍ਰਿਜ ਤੋਂ ਯਮੁਨਾ ਨਦੀ ’ਚ 19 ਸਾਲਾ ਵਿਦਿਆਰਥੀ ਨੇ ਕਥਿਤ ਤੌਰ ’ਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਦੀ ਲਾਸ਼ ਗੋਤਾਖੋਰਾਂ ਤੇ ਪੁਲੀਸ ਨੇ ਬਰਾਮਦ ਕਰ ਲਈ ਹੈ। ਮ੍ਰਿਤਕ ਦੀ ਪਛਾਣ ਕਰਾਵਲ ਨਗਰ ਦੇ ਰਹਿਣ ਵਾਲੇ ਰਜਤ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਰਜਤ ਘਰ ਜਾਂਦੇ ਸਮੇਂ ਪੁਲ ’ਤੇ ਰੁਕਿਆ ਤੇ ਨਦੀ ਵਿੱਚ ਛਾਲ ਮਾਰ ਦਿੱਤੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ। ਪੁਲੀਸ ਨੂੰ ਇਸ ਮਾਮਲੇ ਵਿੱਚ ਕੋਈ ਸੁਸਾਈਡ ਨੋਟ ਜਾਂ ਕੋਈ ਹੋਰ ਸਬੂਤ ਨਹੀਂ ਮਿਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਸ਼ ਤੋਂ ਬਾਅਦ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਗੋਤਾਖੋਰਾਂ ਨੂੰ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਨੇ ਨੌਜਵਾਨ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ ਪਰ ਉਦੋਂ ਤੱਕ ਰਜਤ ਡੁੱਬ ਚੁੱਕਾ ਸੀ। ਕੁਝ ਸਮੇਂ ਬਾਅਦ ਉਸ ਦੀ ਲਾਸ਼ ਨੂੰ ਪਾਣੀ ’ਚੋਂ ਬਾਹਰ ਕੱਢਿਆ ਗਿਆ। ਪੁਲੀਸ ਨੂੰ ਮੌਕੇ ਤੋਂ ਨੌਜਵਾਨ ਦਾ ਬੈਗ ਵੀ ਮਿਲਿਆ ਹੈ।