ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 5 ਅਗਸਤ
ਹਿਮਾਚਲ ਵਿਚ ਲਗਾਤਾਰ ਮੀਂਹ ਪੈਣ ਕਾਰਨ ਮਾਰਕੰਡਾ ਨਦੀ ਵਿਚ 15 ਹਜ਼ਾਰ ਕਿਊਸਿਕ ਪਾਣੀ ਆ ਗਿਆ ਜਿਸ ਨਾਲ ਪਿੰਡ ਕਠਵਾ ਦੀਆਂ ਸੜਕਾਂ ਤੇ ਫਸਲਾਂ ਪਾਣੀ ਵਿੱਚ ਡੁੱਬ ਗਈਆਂ। ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਵਾਰੀਆਂ ਅਤੇ ਗ੍ਰਾਮ ਸਕੱਤਰਾਂ ਨੂੰ ਸਥਿਤੀ ’ਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਮੁਨਿਆਦੀ ਕਰਵਾਈ ਜਾ ਰਹੀ ਹੈ ਅਤੇ ਪਿੰਡ ਵਾਸੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਨਹਿਰ ਦੇ ਨੇੜੇ ਨਾ ਜਾਣ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਗੇਜ ਰੀਡਰ ਰਾਵਿੰਦਰ ਕੁਮਾਰ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਪਾਣੀ ਵਧਣਾ ਸ਼ੁਰੂ ਹੋ ਗਿਆ ਸੀ ਅਤੇ ਸ਼ੁੱਕਰਵਾਰ ਸਵੇਰੇ 7 ਵਜੇ ਤੱਕ ਨਹਿਰ ਦਾ ਪੱਧਰ 15 ਹਜ਼ਾਰ ਕਿਊਸਿਕ ਹੋ ਗਿਆ। ਉਨ੍ਹਾਂ ਦੱਸਿਆ ਕਿ ਪਹਾੜਾਂ ’ਤੇ ਮੀਂਹ ਪੈ ਰਹੇ ਹਨ ਜਿਸ ਕਾਰਨ ਮਾਰਕੰਡਾ ਨਦੀ ’ਚ ਪਾਣੀ ਹੋਰ ਵਧ ਸਕਦਾ ਹੈ। ਜ਼ਿਕਰਯੋਗ ਹੈ ਕਿ ਜੇਕਰ ਪਾਣੀ ਦਾ ਪੱਧਰ 10 ਹਜ਼ਾਰ ਕਿਊਸਿਕ ਤੋਂ ਵੱਧ ਜਾਂਦਾ ਹੈ ਤਾਂ ਨੇੜਲੀਆਂ ਕਲੋਨੀਆਂ ਤੋਂ ਇਲਾਵਾ ਕਈ ਪਿੰਡਾਂ ਵਿੱਚ ਹੜ੍ਹ ਆਉਣ ਦੀ ਸੰਭਾਵਨਾ ਹੁੰਦੀ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਲਾ ਅੰਬ ਦੀਆਂ ਪਹਾੜੀਆਂ ਵਿੱਚੋਂ ਵਹਿਣ ਵਾਲੀ ਮਾਰਕੰਡਾ ਨਦੀ ਸ਼ਾਹਬਾਦ ਪਹੁੰਚਦੀ ਹੈ ਅਤੇ ਅੱਗੇ ਗੂਹਲਾ-ਚੀਕਾ ਨੇੜੇ ਘੱਗਰ ਵਿੱਚ ਜਾ ਰਲਦੀ ਹੈ।