ਨਿਜੀ ਪੱਤਰ ਪ੍ਰੇਰਕ
ਅੰਬਾਲਾ, 14 ਜਨਵਰੀ
ਇੰਡਸਟਰੀਅਲ ਏਰੀਆ ਕੱਟ ਸਾਹਾ ਰਕਬਾ ਢਕੌਲਾ ਸਥਿਤ ਵੀਨ ਕੇਅਰ ਫਾਰਮ ਕੰਪਨੀ ਦਾ ਚੌਕੀਦਾਰ 12 ਜਨਵਰੀ ਦੀ ਰਾਤ ਨੂੰ ਕੰਪਨੀ ਦੇ ਮੇਜ਼ ਦੇ ਦਰਾਜ ਵਿੱਚੋਂ 73 ਹਜ਼ਾਰ 358 ਰੁਪਏ ਲੈ ਕੇ ਫ਼ਰਾਰ ਹੋ ਗਿਆ। ਨਕਦੀ ਦੇ ਨਾਲ ਉਹ ਕੰਪਨੀ ਦਾ ਪ੍ਰਿੰਟਰ ਅਤੇ ਫ਼ੋਨ ਵੀ ਨਾਲ ਲੈ ਗਿਆ। ਸਾਹਾ ਪੁਲੀਸ ਨੇ ਵੀਰਵਾਰ ਦੇਰ ਰਾਤ ਨੂੰ ਕੰਪਨੀ ਦੇ ਮਾਲਕ ਪ੍ਰਿਤਪਾਲ ਪੁੱਤਰ ਸ਼ਮਸ਼ੇਰ ਸਿੰਘ ਨਿਵਾਸੀ ਖੁੱਡਾ ਕਲਾਂ ਦੀ ਸ਼ਿਕਾਇਤ ’ਤੇ ਸੰਜੈ ਵਾਸੀ ਮਨੀਕਾਵਾਸ ਬਕਲਾ ਮਥੁਰਾ (ਉੱਤਰ ਪ੍ਰਦੇਸ਼) ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਪ੍ਰਿਤਪਾਲ ਨੇ ਪੁਲੀਸ ਨੂੰ ਦੱਸਿਆ ਕਿ ਸੰਜੈ ਉਸ ਦੀ ਕੰਪਨੀ ਵਿਚ ਬਤੌਰ ਚੌਕੀਦਾਰ ਕੰਮ ਕਰਦਾ ਸੀ ਅਤੇ ਕੰਪਨੀ ਦੀ ਚਾਬੀ ਉਸ ਕੋਲ ਰਹਿੰਦੀ ਸੀ। ਉਹ 12 ਜਨਵਰੀ ਦੀ ਰਾਤ ਨੂੰ ਕੰਪਨੀ ਦੇ ਮੇਜ਼ ਦੇ ਦਰਾਜ ਵਿਚ ਰੱਖੇ 73 ਹਜ਼ਾਰ 358 ਰੁਪਏ, ਇਕ ਕੰਪਿਊਟਰ ਪ੍ਰਿੰਟਰ, ਫ਼ੋਨ ਜੋ ਉਸ ਕੋਲ ਹੁੰਦਾ ਸੀ ਅਤੇ ਕਾਸਮੈਟਿਕ ਦਾ ਸਾਮਾਨ ਚੋਰੀ ਕਰ ਕੇ ਲੈ ਗਿਆ ਹੈ। ਉਨ੍ਹਾਂ ਦਾ ਟਰੇਡਿੰਗ ਦਾ ਕੰਮ ਹੋਣ ਕਰਕੇ ਸਾਮਾਨ ਕੰਪਨੀ ਵਿਚ ਪਿਆ ਰਹਿੰਦਾ ਸੀ। ਉਨ੍ਹਾਂ ਨੇ ਆਪਣੀ ਪੱਧਰ ਤੇ ਮੁਲਜ਼ਮ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਿਆ। ਪ੍ਰਿਤਪਾਲ ਅਨੁਸਾਰ ਉਨ੍ਹਾਂ ਦੀ ਕੰਪਨੀ ਵਿਚ ਕੈਮਰੇ ਨਹੀਂ ਲੱਗੇ ਹੋਏ। ਮੁੱਢਲੀ ਪੁੱਛ-ਗਿੱਛ ਵਿਚ ਪਤਾ ਲੱਗਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਚੌਕੀਦਾਰ ਕੋਲ ਉਸ ਦੇ ਪਿੰਡੋਂ ਰਿਸ਼ਤੇਦਾਰ ਆਇਆ ਹੋਇਆ ਸੀ। ਪੁਲੀਸ ਨੇ ਚੌਕੀਦਾਰ ਦੇ ਦਸਤਾਵੇਜ਼ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।