ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 30 ਅਗਸਤ
ਖੇਤਰ ਦੇ ਪਿੰਡ ਛਤਰੀਆਂ ’ਚ ਅੱਜ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਤੇ ਮਾਪਿਆਂ ਨੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਅਧਿਆਪਕਾਂ ਦੀ ਆਨਲਾਈਨ ਤਬਾਦਲਾ ਮੁਹਿੰਮ ਦਾ ਵਿਰੋਧ ਕੀਤਾ। ਜਦੋਂ ਕੋਈ ਵੀ ਅਧਿਕਾਰੀ ਪਿੰਡ ਦੇ ਲੋਕਾਂ ਦੀ ਗੱਲ ਸੁਣਨ ਲਈ ਨਾ ਪੁੱਜਿਆ ਤਾਂ ਪਿੰਡ ਦੇ ਲੋਕਾਂ ਨੇ ਟਰੈਕਟਰ-ਟਰਾਲੀਆਂ ਲਗਾ ਕੇ ਸੜਕ ’ਤੇ ਰੋਸ ਪ੍ਰਦਰਸ਼ਨ ਕੀਤਾ ਤੇ ਜਾਮ ਲਗਾ ਦਿੱਤਾ। ਇਸ ਕਾਰਨ ਬੜਾਗੁੜਾ ਤੇ ਸਾਹੂਵਾਲਾ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਜਾਮ ਦੀ ਸੂਚਨਾ ਮਿਲਦੇ ਹੀ ਥਾਣਾ ਬੜਾਗੁੜਾ ਪੁਲੀਸ ਮੌਕੇ ’ਤੇ ਪਹੁੰਚੀ ਤੇ ਬਲਾਕ ਸਿੱਖਿਆ ਅਫ਼ਸਰ ਵੱਲੋਂ ਸਰਕਾਰੀ ਸਕੂਲ ਬੜਾਗੁੜਾ ਦੇ ਪ੍ਰਿੰਸੀਪਲ ਬਲਦੇਵ ਸਿੰਘ ਨੂੰ ਮੌਕੇ ’ਤੇ ਭੇਜਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਸਮਝਾ ਕੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਕੋਈ ਹੱਲ ਕੱਢਿਆ ਜਾਵੇਗਾ। ਫਿਰ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਕੇ ਸੜਕ ’ਤੇ ਲਾਏ ਜਾਮ ਨੂੰ ਖੋਲ੍ਹ ਦਿੱਤਾ ਤਾਂ ਜਾਮ ’ਚ ਫਸੇ ਵਾਹਨ ਚਾਲਕਾਂ ਨੇ ਸੁਖ ਦਾ ਸਾਹ ਲਿਆ। ਇਸ ਮੌਕੇ ਸਰਪੰਚ ਨੰਦਰਾਮ, ਪੰਚ ਰਾਮਜੀ ਲਾਲ, ਪੰਚ ਦਾਰਾ ਸਿੰਘ, ਪੰਚ ਰਾਏ ਸਿੰਘ, ਪੰਚ ਰਾਜੂ, ਮੁਰਲੀ, ਰਾਕੇਸ਼ ਬਗੋਰੀਆ, ਅੰਤਰ ਸਿੰਘ, ਰਾਜਬਾਲਾ, ਕੁਲਵਿੰਦਰ ਸਿੰਘ, ਵਕੀਲ ਕਸ਼ਮੀਰ ਆਦਿ ਸਣੇ ਸਕੂਲੀ ਬੱਚਿਆਂ ਤੇ ਮਾਪਿਆਂ ਸਣੇ ਹਾਜ਼ਰ ਪਿੰਡ ਵਾਸੀਆਂ ਨੇ ਕਿਹਾ ਕਿ ਇੱਕ ਵਾਰ ਤਾਂ ਸੜਕ ’ਤੇ ਲਾਇਆ ਜਾਮ ਤਾਂ ਖੋਲ੍ਹ ਦਿੱਤਾ ਹੈ ਪਰ ਜਦੋਂ ਤੱਕ ਸਕੂਲ ’ਚ ਸਟਾਫ ਦੀ ਪੂਰਤੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪਿੰਡ ਵਾਸੀ ਮੰਗਾਂ ਨੂੰ ਲੈ ਕੇ ਸਕੂਲ ਦੇ ਮੁੱਖ ਗੇਟ ’ਤੇ ਧਰਨਾ ਦਿੰਦੇ ਰਹਿਣਗੇ। ਜੇ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਪਿੰਡਾਂ ਨੂੰ ਵੀ ਇਕੱਠਾ ਕਰਕੇ ਵੱਡਾ ਅੰਦੋਲਨ ਕੀਤਾ ਜਾਵੇਗਾ। ਚੇਤੇ ਰਹੇ ਕਿ ਪਿੰਡ ਦੇ ਸਰਕਾਰੀ ਹਾਈ ਸਕੂਲ ’ਚ ਕੁੱਲ 11 ਅਧਿਆਪਕ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਅੱਠ ਦੇ ਤਬਾਦਲੇ ਹੋ ਚੁੱਕੇ ਹਨ ਤੇ ਹੁਣ ਸਕੂਲ ’ਚ ਸਿਰਫ ਤਿੰਨ ਅਧਿਆਪਕ ਹੀ ਹਨ। ਵਿਗਿਆਨ, ਗਣਿਤ, ਅੰਗਰੇਜ਼ੀ, ਹਿੰਦੀ ਵਰਗੇ ਸਾਰੇ ਮਹੱਤਵਪੂਰਨ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਜਿਨ੍ਹਾਂ ਅਧਿਆਪਕਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਥਾਂ ’ਤੇ ਕੋਈ ਵੀ ਅਧਿਆਪਕ ਨਹੀਂ ਭੇਜਿਆ ਗਿਆ।