ਪੱਤਰ ਪ੍ਰੇਰਕ
ਕੁਰੂਕਸ਼ੇਤਰ, 27 ਸਤੰਬਰ
ਵਿਦੇਸ਼ ਭੇਜਣ ਦੇ ਨਾਂ ’ਤੇ 40 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਨੇੜਲੇ ਪਿੰਡ ਰਾਵਾ ਦੇ ਰਹਿਣ ਵਾਲੇ 42 ਸਾਲਾ ਨੌਜਵਾਨ ਨੇ ਮੰਗਲਵਾਰ ਨੂੰ ਫਾਹਾ ਲੈ ਲਿਆ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਸੋਨੀਆ ਨੇ ਦੱਸਿਆ ਕਿ ਉਸ ਦੇ ਪਤੀ ਸੰਜੀਵ ਨੇ ਅਮਰੀਕਾ ਜਾਣ ਲਈ ਪਿਹੋਵਾ ਦੇ ਏਜੰਟ ਬੌਬੀ ਪਿਹੋਵਾ ਨਾਲ ਸੰਪਰਕ ਕੀਤਾ। ਏਜੰਟ ਬੌਬੀ ਨੇ 55 ਲੱਖ ਰੁਪਏ ਵਿੱਚ ਅਮਰੀਕਾ ਭੇਜਣ ਦੀ ਹਾਮੀ ਭਰੀ। ਸੰਜੀਵ ਨੇ 5 ਜਨਵਰੀ 2022 ਨੂੰ ਬੌਬੀ ਨੂੰ 4 ਲੱਖ ਰੁਪਏ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੇ ਦਿੱਤੇ। ਕੁਝ ਦਿਨਾਂ ਬਾਅਦ ਬੌਬੀ ਏਜੰਟ ਨੇ 36 ਲੱਖ ਰੁਪਏ ਹੋਰ ਮੰਗੇ। ਉਸ ਦੇ ਪਤੀ ਨੇ ਬੌਬੀ ਦੇ ਬੈਂਕ ਖਾਤੇ ਵਿੱਚ 36 ਲੱਖ ਰੁਪਏ ਟਰਾਂਸਫਰ ਕਰਨੇ ਚਾਹੇ ਪਰ ਬੌਬੀ ਨੇ ਇਨਕਾਰ ਕਰ ਦਿੱਤਾ ਅਤੇ ਨਕਦ ਰਕਮ ਦੀ ਮੰਗ ਕੀਤੀ। ਸੋਨੀਆ ਨੇ ਦੱਸਿਆ ਕਿ 18 ਮਾਰਚ 2022 ਨੂੰ ਹੋਲੀ ਵਾਲੇ ਦਿਨ ਉਸ ਦੇ ਪਤੀ ਨੇ ਘਸੀਟਪੁਰ ਪਿੰਡ ਵਿੱਚ ਆਪਣੇ ਜੀਜੇ ਸੰਜੇ ਕੁਮਾਰ ਦੇ ਢਾਬੇ ਤੇ ਬੌਬੀ ਨੂੰ 36 ਲੱਖ ਰੁਪਏ ਨਕਦ ਦੇ ਦਿੱਤੇ। ਏਜੰਟ ਨੇ ਨਾ ਉਸ ਦੇ ਪਤੀ ਨੂੰ ਅਮਰੀਕਾ ਭੇਜਿਆ ਤੇ ਉਲਟਾ ਪੈਸੇ ਮੰਗਣ ’ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਅਸੀਂ ਕਈ ਪੰਚਾਇਤਾਂ ਰਾਹੀਂ ਵੀ ਕੋਸ਼ਿਸ਼ ਕੀਤੀ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਅੱਜ ਉਸ ਦੇ ਪਤੀ ਨੇ ਪ੍ਰੇਸ਼ਾਨ ਹੋ ਕੇ ਫਾਹਾ ਲੈ ਲਿਆ। ਸੰਜੀਵ ਆਪਣੇ ਪਿੱਛੇ ਆਪਣੀ ਮਾਂ ਚਰਨ ਦੇਵੀ, ਪਤਨੀ ਸੋਨੀਆ, 14 ਸਾਲ ਦੀ ਧੀ ਅਤੇ 10 ਸਾਲ ਦਾ ਪੁੱਤਰ ਛੱਡ ਗਿਆ ਹੈ। ਐੱਸਐੱਚਓ ਦਵਿੰਦਰ ਕੁਮਾਰ ਨੇ ਦੱਸਿਆ ਕਿਜਲਦ ਹੀ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।