ਪੱਤਰ ਪ੍ਰੇਰਕ
ਟੋਹਾਣਾ, 8 ਅਪਰੈਲ
ਹਰਿਆਣਾ ਖੇਤੀਬਾੜੀ ’ਵਰਸਿਟੀ ਹਿਸਾਰ ਨੇ ਜੈਵਿਕ ਖੇਤੀ ’ਤੇ ਖੇਤੀ ਅਧਾਰਿਤ ਸੈਰ ਸਪਾਟੇ ਵਿੱਚ ਵਿਕਾਸ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਉਪਕੁਲਪਤੀ ਸਮਰ ਸਿੰਘ ਨੇ ਦੱਸਿਆ ਕਿ ’ਵਰਸਿਟੀ ਨੇ 150 ਏਕੜ ਫ਼ਾਰਮ ਨੂੰ ਪ੍ਰਦਰਸ਼ਨੀ ਰੂਪ ਦੇਣ ਦਾ ਫੈਸਲਾ ਲਿਆ ਹੈ ਜਿਸ ਵਿੱਚ ਜੈਵਿਕ ਖੇਤੀ ਖੋਜ ਕੇਂਦਰ ਤੇ ਖੇਤੀ ਸੈਰ ਸਪਾਟਾ ਦੇ ਵਾਧੇ ਤੇ ਧਿਆਨ ਦਿੱਤਾ ਜਾਵੇਗਾ। ਇਸ ਪ੍ਰਦਰਸ਼ਨੀ ਪਲਾਂਟ ਵਿੱਚ ਛੇ ਏਕੜ ਵਿੱਚ ਪਾਣੀ ਦਾ ਤਲਾਬ ਬਣਾ ਕੇ ਪਰਵਾਸੀ ਪੰਛੀਆਂ ਲਈ ਰਿਹਾਇਸ਼ ਤੋਂ ਇਲਾਵਾ ਸ਼ੈਰ ਸਪਾਟੇ ਲਈ ਸੁੰਦਰ ਪੰਛੀਆਂ ਨੂੰ ਪਾਲਿਆ ਜਾਵੇਗਾ। ਇਸ ਤਲਾਬ ਦੇ ਪਾਣੀ ਨਾਲ 150 ਏਕੜ ਜੈਵਿਕ ਖੇਤੀ ਅਨਾਜ ਸਬਜ਼ੀਆਂ, ਫੁਲ ਵਗੈਰਾ ਨੂੰ ਫੁਆਰਾ ਸਿੰਜਾਈ ਨਾਲ ਜੋੜਿਆ ਜਾਵੇਗਾ। ਰੁੱਖਾਂ ਦੇ ਵਾਧੇ ਲਈ 200 ਕਿਸਮਾਂ ਦੇ ਪੈਂਦੇ ਲਾਏ ਜਾਣਗੇ। ਪਲਾਂਟ ਵਿੱਚ ਬਿਨਾਂ ਰਸਾਇਣਾਂ ਤੋਂ ਫੁਲ, ਸਬਜ਼ੀਆਂ, ਫਸਲ ਤਿਆਰ ਕਰਕੇ ਸਾਰੇ ਸੂਬੇ ਵਿੱਚ ਕਿਸਾਨ ਨੂੰ ਪ੍ਰੇਰਿਤ ਕੀਤਾ ਜਾਵੇਗਾ। ਪ੍ਰਦਰਸਨੀ ਪਲਾਂਟ ਵਿੱਚ ਮਿੱਟੀ ਦੀ ਗੁਣਵਤਾ ਵਿੱਚ ਸੁਧਾਰ ਸਬੰਧੀ ਖੋਜਾਂ ਦਾ ਪ੍ਰਚਾਰ ਕਰਨ ਲਈ ’ਵਰਸਿਟੀ ਕਿਸਾਨ ਸਮਾਗਮ ਦਾ ਪ੍ਰਬੰਧ ਕਰਕੇ ਪਲਾਨ ਵਿੱਚ ਪਾਣੀ ਬਚਾਉਣ ਦੇ ਬਿਨਾਂ ਰਸਾਇਣਾਂ ਦੇ ਖੇਤੀ ਨੂੰ ਉਤਸ਼ਾਹ ਦੇਣ ਦੇ ਨਾਲ ਪੰਛੀਆਂ ਦੇ ਠਹਿਰਣ ਤੇ ਪਰਿਵਾਰਾਂ ਨੂੰ ਇਥੇ ਸੈਰ ਸਪਾਟੇ ਲਈ ਬੁਲਾਇਆ ਜਾਂਦਾ ਰਹੇਗਾ।