ਪ੍ਰਭੂ ਦਿਆਲ
ਸਿਰਸਾ, 11 ਅਕਤੂਬਰ
ਇਥੋਂ ਦੇ ਹਿਸਾਰ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ’ਚੋਂ ਇਕ ਲੱਖ ਰੁਪਏ ਕਢਵਾਉਣ ਗਈ ਮਹਿਲਾ ਠੱਗੀ ਦਾ ਸ਼ਿਕਾਰ ਹੋ ਗਈ। ਮਹਿਲਾ ਨੂੰ ਰੁਪਏ ਗਿਣ ਕੇ ਦੇਣ ਦੇ ਬਹਾਨੇ ਠੱਗ ਰੁਪਏ ਲੈ ਕੇ ਫਰਾਰ ਹੋ ਗਿਆ। ਮਹਿਲਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਪੁਰੀ ਮੁਹੱਲਾ ਦੀ ਗਲੀ ਨੰਬਰ ਇਕ ਵਾਸੀ ਰਵਿੰਦਰ ਗਰੋਵਰ ਹਿਸਾਰ ਰੋਡ ਸਥਿਤ ਐੱਸਬੀਆਈ ਤੋਂ ਇਕ ਲੱਖ ਰੁਪਏ ਕਢਵਾਉਣ ਗਈ ਸੀ। ਦੱਸਿਆ ਗਿਆ ਹੈ ਕਿ ਮਹਿਲਾ ਨੇ ਬੈਂਕ ’ਚੋਂ ਰੁਪਏ ਕਢਵਾਏ ਤੇ ਉਥੇ ਪਈ ਇਕ ਕੁਰਸੀ ’ਤੇ ਬੈਠ ਕੇ ਰੁਪਏ ਗਿਣਨ ਲੱਗ ਪਈ। ਇਸੇ ਦੌਰਾਨ ਇਕ ਨੌਜਵਾਨ ਮਹਿਲਾ ਕੋਲ ਆਇਆ ਤੇ ਉਸ ਨੂੰ ਰੁਪਏ ਗਿਣ ਕੇ ਦੇਣ ਦੇ ਬਹਾਨੇ ਰੁਪਏ ਲੈ ਲਏ। ਦੱਸਿਆ ਗਿਆ ਹੈ ਕਿ ਇਸੇ ਦੌਰਾਨ ਮਹਿਲਾ ਨੂੰ ਗੱਲੀਂ ਲਾਉਂਦਾ ਹੋਇਆ ਉਹ ਰੁਪਏ ਲੈ ਕੇ ਫਰਾਰ ਹੋ ਗਿਆ। ਰੌਲਾ ਪਾਉਣ ਮਗਰੋਂ ਕੁਝ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਪਰ ਉਹ ਕਾਬੂ ਨਹੀਂ ਆਇਆ। ਮਹਿਲਾ ਨੇ ਪੁਲੀਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਮਗਰੋਂ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।