ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਫਰਵਰੀ
ਪੰਜਾਬ ਨੈਸ਼ਨਲ ਬੈਂਕ ਸਾਹਾ ਵਿਚ ਚੋਰਾਂ ਨੇ ਬੈਂਕ ਦਾ ਮੁੱਖ ਸ਼ਟਰ ਅਤੇ ਗੇਟ ਦਾ ਤਾਲਾ ਤੋੜ ਕੇ ਨਗਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ। ਸਾਹਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੈਂਕ ਮੈਨੇਜਰ ਅਮੀ ਚੰਦ ਨੇ ਕਿਹਾ ਕਿ ਉਨ੍ਹਾਂ ਦੇ ਬੈਂਕ ਵਿਚ ਸੀਡੀਐਮ ਮਸ਼ੀਨ ਲੱਗੀ ਹੋਈ ਹੈ ਜਿਸ ਵਿਚ ਕੈਸ਼ ਜਮ੍ਹਾ ਕਰਾਇਆ ਅਤੇ ਕਢਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਏਟੀਐਮ ਮਸ਼ੀਨ ਹੈ ਜਿਸ ਦਾ ਮੂੰਹ ਬਾਹਰ ਵੱਲ (ਵਿੰਡੋ ਏਟੀਐਮ) ਹੈ। ਉਹ 12 ਫਰਵਰੀ ਨੂੰ ਸ਼ਾਮ 6 ਵਜੇ ਬੈਂਕ ਬੰਦ ਕਰ ਕੇ ਚਲੇ ਗਏ ਸਨ। ਸ਼ਨਿਚਰਵਾਰ ਦੀ ਛੁੱਟੀ ਸੀ। ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੈਂਕ ਦੇ ਮੁੱਖ ਗੇਟ ਦਾ ਸ਼ਟਰ ਟੁੱਟਾ ਹੋਇਆ ਹੈ। ਉਸ ਨੇ ਮੌਕੇ ’ਤੇ ਆ ਕੇ ਦੇਖਿਆ ਕਿ ਚੋਰਾਂ ਨੇ ਮੁੱਖ ਸ਼ਟਰ ਇਕ ਪਾਸਿਉਂ ਤੋੜਿਆ ਹੋਇਆ ਸੀ ਅਤੇ ਅੰਦਰ ਰੱਖੀ ਹੋਈ ਸੀਡੀਐਮ ਮਸ਼ੀਨ ਵੀ ਤੋੜੀ ਹੋਈ ਸੀ ਪਰ ਚੋਰ ਕੈਸ਼ ਨਹੀਂ ਲਿਜਾ ਸਕੇ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਸ਼ਹਿਰ ਦੀ ਸਾਈਂ ਮਾਰਕੀਟ ਵਿਚ ਸਥਿਤ ਬਾਲਾ ਜੀ ਕੰਪਿਊਟਰ ਨਾਂ ਦੀ ਦੁਕਾਨ ਵਿਚੋਂ ਕੋਈ ਵਿਅਕਤੀ ਰਾਤ ਨੂੰ ਮੁਰੰਮਤ ਲਈ ਰੱਖੇ 15 ਲੈਪਟਾਪ ਚੋਰੀ ਕਰ ਕੇ ਲੈ ਗਿਆ। ਦੁਕਾਨ ਮਾਲਕ ਅਰੁਣ ਕੁਮਾਰ ਨੇ ਥਾਣਾ ਅੰਬਾਲਾ ਸ਼ਹਿਰ ਵਿਚ ਸ਼ਿਕਾਇਤ ਦੇ ਕੇ ਕਿਹਾ ਕਿ ਉਹ ਕੱਲ੍ਹ ਰਾਤ ਕਰੀਬ 9.30 ਵਜੇ ਦੁਕਾਨ ਬੰਦ ਕਰ ਕੇ ਗਿਆ ਸੀ। ਅੱਜ ਸਵੇਰੇ ਜਦੋਂ ਉਹ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਕੋਈ ਵਿਅਕਤੀ ਦੁਕਾਨ ਦਾ ਸ਼ਟਰ ਅਤੇ ਐਲੂਮੀਨੀਅਮ ਦਾ ਦਰਵਾਜ਼ਾ ਤੋੜ ਕੇ ਅੰਦਰੋਂ ਗਾਹਕਾਂ ਦੇ ਮੁਰੰਮਤ ਲਈ ਪਏ 15 ਦੇ ਕਰੀਬ ਲੈਪਟਾਪ ਚੋਰੀ ਕਰ ਕੇ ਲੈ ਗਿਆ ਸੀ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।