ਪੱਤਰ ਪ੍ਰੇਰਕ
ਫਰੀਦਾਬਾਦ, 29 ਜੁਲਾਈ
ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੌਜੀ, ਵਾਈਐੱਮਸੀਏ, ਫਰੀਦਾਬਾਦ ਵੱਲੋਂ ਅੱਜ ਤਿਰੰਗਾ ਰੈਲੀ ਕੱਢੀ ਗਈ। ਯੂਨੀਵਰਸਿਟੀ ਕੈਂਪਸ ਵਿੱਚ ਕੱਢੀ ਗਈ ਇਸ ਤਿਰੰਗਾ ਰੈਲੀ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਐੱਸ ਤੋਮਰ ਨੇ ਕੀਤਾ। ਉਨ੍ਹਾਂ ਨੇ ਰੈਲੀ ਨੂੰ ਸੀਵੀ ਰਮਨ ਸਾਇੰਸ ਡਿਵੀਜ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਸੰਚਾਰ ਤੇ ਮੀਡੀਆ ਤਕਨਾਲੌਜੀ ਵਿਭਾਗ ਵੱਲੋਂ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੀ ਸਾਂਝੀ ਅਗਵਾਈ ਹੇਠ ਕੱਢੀ ਗਈ। ਤਿਰੰਗਾ ਰੈਲੀ ਸਾਇੰਸ ਸੈਕਸ਼ਨ ਤੋਂ ਸ਼ੁਰੂ ਹੋ ਕੇ ਕਲਾਮ ਚੌਕ ਵਿੱਚ ਸਮਾਪਤ ਹੋਈ। ਰੈਲੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਹਿੱਸਾ ਲਿਆ ਅਤੇ ਕੌਮੀ ਝੰਡਾ ਲਹਿਰਾਉਂਦੇ ਹੋਏ ‘ਵੰਦੇ ਮਾਤਰਮ’, ‘ਹਿੰਦੁਸਤਾਨ ਜ਼ਿੰਦਾਬਾਦ’ ਤੇ ‘ਮੇਰਾ ਤਿਰੰਗਾ, ਮੇਰੀ ਸ਼ਾਨ’ ਦੇ ਨਾਅਰੇ ਲਾਏ। ਤਿਰੰਗਾ ਰੈਲੀ ਯੂਨੀਵਰਸਿਟੀ ਦੇ ਪ੍ਰਮੁੱਖ ਸਥਾਨਾਂ ਕੰਟੀਨ, ਹੋਸਟਲ ਅਤੇ ਲਾਇਬ੍ਰੇਰੀ ਤੋਂ ਲੰਘੀ। ਵਾਈਸ ਚਾਂਸਲਰ ਤੇ ਰਜਿਸਟਰਾਰ ਡਾ. ਐੱਸਕੇ ਗਰਗ ਸਮੇਤ ਸਮੂਹ ਡੀਨ ਅਤੇ ਵਿਭਾਗਾਂ ਦੇ ਮੁਖੀਆਂ ਨੇ ਰੈਲੀ ਵਿੱਚ ਸ਼ਿਰਕਤ ਕੀਤੀ।
ਵਾਈਸ ਚਾਂਸਲਰ ਨੇ ਕਿਹਾ ਕਿ ‘ਹਰ ਘਰ ਤਿਰੰਗਾ’ ਇਕ ਵਿਲੱਖਣ ਮੁਹਿੰਮ ਹੈ, ਜੋ ‘ਆਜ਼ਾਦੀ ਦੇ ਅੰਮ੍ਰਿਤ ਮਹੋਤਸਵ’ ਮਨਾਉਣ ਲਈ ਚਲਾਈ ਜਾ ਰਹੀ ਹੈ। ਇਸ ਦਾ ਉਦੇਸ਼ ਕੌਮੀ ਝੰਡੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਨਾਲ-ਨਾਲ ਨਾਗਰਿਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੌਮੀ ਝੰਡਾ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਨੂੰ ਦਰਸਾਉਂਦਾ ਹੈ ਅਤੇ ਕੌਮੀ ਸਵੈਮਾਣ ਦਾ ਪ੍ਰਤੀਕ ਹੈ।