ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਫਰਵਰੀ
ਯੂਕਰੇਨ ’ਚ ਐੱਮਬੀਬੀਐੱਸ ਕਰਨ ਗਈਆਂ ਪਿੰਡ ਬਾਬੈਨ ਦੀਆਂ ਦੋ ਲੜਕੀਆਂ ਸਿਮਰਨ ਕੌਰ ਤੇ ਪ੍ਰਾਚੀ ਦੇ ਮਾਪਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਲੜਕੀਆਂ ਉੱਥੇ ਬਹੁਤ ਡਰੀਆਂ ਹੋਈਆਂ ਹਨ। ਉਨ੍ਹਾਂ ਨੂੰ ਭਾਰਤੀ ਦੂਤਾਵਾਸ ਤੋਂ ਵੀ ਸਹਿਯੋਗ ਤੇ ਸਹੀ ਜਾਣਕਾਰੀ ਨਹੀਂ ਮਿਲ ਰਹੀ। ਬੱਚਿਆਂ ਕੋਲ ਪਾਣੀ ਤੇ ਖਾਧ ਸਮੱਗਰੀ ਸੀਮਤ ਮਾਤਰਾ ਵਿਚ ਹੈ। ਸਿਮਰਨ ਦੇ ਪਿਤਾ ਰਵਿੰਦਰ ਸੈਣੀ ਅਤੇ ਪ੍ਰਾਚੀ ਦੇ ਪਿਤਾ ਕ੍ਰਿਸ਼ਨ ਲਾਲ ਵਰਮਾ ਨੇ ਕਿਹਾ ਕਿ ਦੋਵਾਂ ਨੇ ਭਾਰਤ ਆਉਣ ਲਈ ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ ਪਰ ਉਡਾਣਾਂ ਬੰਦ ਹੋਣ ਕਾਰਨ ਉਹ ਵਾਪਸ ਨਹੀਂ ਆ ਸਕੀਆਂ। ਉਨ੍ਹਾਂ ਕਿਹਾ ਕਿ ਦੋਵੇਂ ਲੜਕੀਆਂ ਜਿੱਥੇ ਰਹਿ ਰਹੀਆਂ ਹਨ, ਉਥੋਂ ਪੋਲੈਂਡ ਅਤੇ ਹੋਰ ਗੁਆਂਢੀ ਦੇਸ਼ ਕਾਫੀ ਦੂਰ ਹਨ। ਇਸ ਕਰਕੇ ਵਾਪਸ ਆਉਣ ਵਾਸਤੇ ਉਨ੍ਹਾਂ ਲਈ ਉਹ ਰਸਤਾ ਵੀ ਬੰਦ ਹੋ ਗਿਆ ਹੈ।