ਰਤਨ ਸਿੰਘ ਢਿੱਲੋਂ
ਅੰਬਾਲਾ, 30 ਅਗਸਤ
ਸੋਸ਼ਲ ਮੀਡੀਆ ’ਤੇ ਹੋਈ ਦੋਸਤੀ ਤੋਂ ਬਾਅਦ ਲੜਕੇ ਨੇ ਅੰਬਾਲਾ ਦੀ ਐਮਸੀਏ ਕਰ ਰਹੀ ਵਿਦਿਆਰਥਣ ਨੂੰ ਅਗਵਾ ਕਰ ਕੇ ਉਸ ਨਾਲ ਜਬਰਨ ਵਿਆਹ ਕਰ ਲਿਆ। ਇਸ ਮਾਮਲੇ ਵਿਚ ਸੈਕਟਰ-9 ਅੰਬਾਲਾ ਸ਼ਹਿਰ ਪੁਲੀਸ ਨੇ ਅੰਮ੍ਰਿਤਸਰ ਦੇ ਰਿਸ਼ਭ ਅਰੋੜਾ, ਪਿਤਾ ਸ਼ਿਵ ਸ਼ੰਕਰ ਅਤੇ ਮਾਤਾ ਅੰਜੂ ਅਰੋੜਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੈਕਟਰ-10 ਨਿਵਾਸੀ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਇੰਸਟਾਗ੍ਰਾਮ ’ਤੇ ਉਸ ਦੀ ਦੋਸਤੀ ਢਾਬ ਬਸਤੀ ਰਾਮ ਅੰਮ੍ਰਿਤਸਰ ਦੇ ਰਿਸ਼ਭ ਅਰੋੜਾ ਨਾਲ ਹੋ ਗਈ ਸੀ। ਇਕ ਅਗਸਤ 2022 ਨੂੰ ਉਹ ਸਵੇਰੇ 7.30 ਵਜੇ ਸੈਕਟਰ-10 ਦੇ ਗੁਰਦੁਆਰੇ ਕੋਲ ਪਹੁੰਚਿਆ ਜਿੱਥੇ ਉਹ ਆਪਣੇ ਕਾਲਜ ਦੀ ਬੱਸ ਫੜਨ ਲਈ ਖੜ੍ਹੀ ਸੀ। ਰਿਸ਼ਭ ਨੇ ਗੱਲ ਕਰਨ ਲਈ ਉਸ ਨੂੰ ਗੱਡੀ ਵਿਚ ਬਿਠਾ ਲਿਆ ਅਤੇ ਪੀਣ ਲਈ ਪਾਣੀ ਦਿੱਤਾ। ਪਾਣੀ ਪੀਂਦਿਆਂ ਹੀ ਉਸ ਨੂੰ ਨਸ਼ਾ ਹੋਣ ਲੱਗਾ। ਇਸ ਹਾਲਤ ਵਿਚ ਉਹ ਉਸ ਨੂੰ ਪੰਚਕੂਲਾ ਦੇ ਇਕ ਮੰਦਰ ਵਿਚ ਲੈ ਗਿਆ ਜਿੱਥੇ ਉਸ ਦੀ ਮਾਤਾ ਅੰਜੂ ਅਰੋੜਾ, ਪਿਤਾ ਸ਼ਿਵ ਸ਼ੰਕਰ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਨਸ਼ੇ ਦੀ ਹਾਲਤ ਵਿਚ ਉਸ ਨੂੰ ਚੂੜਾ ਚੜ੍ਹਾਇਆ ਗਿਆ, ਮੇਕ ਅੱਪ ਕੀਤਾ ਗਿਆ ਅਤੇ ਸ਼ਾਦੀ ਰਚਾ ਲਈ ਗਈ। ਲੜਕੀ ਦਾ ਕਹਿਣਾ ਹੈ ਕਿ ਰਿਸ਼ਭ ਨੇ ਖ਼ਾਲੀ ਕਾਗ਼ਜ਼ਾਂ ’ਤੇ ਉਸ ਦੇ ਦਸਤਖ਼ਤ ਵੀ ਕਰਵਾ ਲਏ। ਉਸ ਤੋਂ ਬਾਅਦ ਮੁਲਜ਼ਮ ਉਸ ਨੂੰ ਕਾਲਜ ਕੋਲ ਛੱਡ ਗਿਆ ਜਿੱਥੋਂ ਉਹ ਕਾਲਜ ਦੀ ਬੱਸ ਰਾਹੀਂ ਘਰ ਪਹੁੰਚੀ। ਇਸ ਤੋਂ ਬਾਅਦ ਰਿਸ਼ਭ ਅਤੇ ਉਸ ਦੇ ਮਾਤਾ-ਪਿਤਾ ਫੋਨ ਕਰਕੇ ਧਮਕਾਉਣ ਲੱਗੇ ਕਿ ਉਸ ਨੂੰ ਉਨ੍ਹਾਂ ਕੋਲ ਰਹਿਣਾ ਪਵੇਗਾ ਨਹੀਂ ਤਾਂ ਉਹ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ ਅਤੇ ਸ਼ਾਦੀ ਦੀਆਂ ਤਸਵੀਰਾਂ ਵਾਇਰਲ ਕਰ ਦੇਣਗੇ ਜਿਸ ਨਾਲ ਉਸ ਦੀ ਸ਼ਾਦੀ ਕਿਤੇ ਵੀ ਨਹੀਂ ਹੋ ਸਕੇਗੀ। ਲੜਕੀ ਦਾ ਕਹਿਣਾ ਹੈ ਕਿ ਧੋਖੇ ਨਾਲ ਨਸ਼ਾ ਦੇ ਕੇ ਉਸ ਦੀ ਮਰਜ਼ੀ ਦੇ ਵਿਰੁੱਧ ਰਿਸ਼ਭ ਨੇ ਆਪਣੇ ਘਰ ਵਾਲਿਆਂ ਨਾਲ ਮਿਲ ਕੇ ਉਸ ਨਾਲ ਜ਼ਬਰਦਸਤੀ ਸ਼ਾਦੀ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।