ਪੱਤਰ ਪ੍ਰੇਰਕ
ਟੋਹਾਣਾ, 12 ਮਈ
ਫਤਿਹਾਬਾਦ ਦੇ ਵਪਾਰੀ ਅਰਵਿੰਦ ਸਹਿਦੇਵੜਾ ਦੀ ਵਰਨਾ ਕਾਰ ਚੋਰੀ ਹੋਣ ਤੋਂ ਤਿੰਨ ਦਿਨ ਬਾਅਦ ਪੰਜਾਬ ਦੇ ਸ਼ਹਿਰ ਫਰੀਦਕੋਟ ਦੀ ਸੜਕ ਕਿਨਾਰੇ ਢਾਬੇ ਕੋਲੋਂ ਮਿਲੀ ਹੈ। ਪੁਲੀਸ ਨੇ ਕਾਰ ਬਰਾਮਦ ਕਰਕੇ ਫਤਿਹਾਬਾਦ ਪੁਲੀਸ ਨੂੰ ਸੁਚਨਾ ਦਿੱਤੀ। ਐਸ.ਐਚ.ਓ. ਓੁਮਪ੍ਰਕਾਸ਼ ਚੁੱਘ ਨੇ ਦੱਸਿਆ ਕਿ ਪੰਜਾਬ ਵਿੱਚ ਪੁਲੀਸ ਅਲਰਟ ਦੌਰਾਨ ਢਾਬੇ ਦੇ ਗਾਹਕਾਂ ਨੂੰ ਗੱਡੀਆਂ ਚੈਕ ਕਰਵਾਉਣ ਲਈ ਕਿਹਾ ਗਿਆ ਤਾਂ ਵਰਨਾ ਕਾਰ ਦੀ ਦਾਅਵੇਦਾਰੀ ਨਾ ਕਰਨ ’ਤੇ ਪੁਲੀਸ ਨੇ ਕਾਰ ਕਬਜ਼ੇ ਵਿੱਚ ਲੈ ਲਈ। ਇਸ ਤੋਂ ਬਾਅਦ ਫਤਿਹਾਬਾਦ ਪੁਲੀਸ ਟੀਮ ਕਾਰ ਲੈਣ ਲਈ ਫਰੀਦਕੋਟ ਪੁੱਜੀ ਪਰ ਜਾਂਚ ਪੜਤਾਲ ਮੁਕੰਮਲ ਨਾ ਹੋਣ ਕਾਰਨ ਕਾਰ ਸੌਂਪੀ ਨਹੀਂ ਗਈ।
ਮ੍ਰਿਤਕ ਦੀ ਸ਼ਨਾਖ਼ਤ ਦਿੱਲੀ ਵਾਸੀ ਵਜੋਂ ਹੋਈ: ਜਾਖਲ ਰੇਲਵੇ ਸਟੇਸਨ ਨਜ਼ਦੀਕ ਪੁਲ ਹੇਠਾਂ ਰੇਲ ਲਾਈਨਾਂ ਤੋਂ ਮਿਲੀ ਨੌਜਵਾਨ ਦੀ ਲਾਸ਼ ਦੀ ਸ਼ਨਾਖ਼ਤ ਮ੍ਰਿਤਕ ਦੇ ਪਿਤਾ ਨੰਦਲਾਲ ਵਾਸੀ ਉਤਮ ਨਗਰ (ਦਿੱਲੀ) ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਚਿਤਰਾਸੂ (20) ਮੰਦਬੁੱਧੀ ਸੀ ਤੇ ਉਸ ਦਾ ਇਲਾਜ ਚਲ ਰਿਹਾ ਸੀ ਕਿ ਬੀਤੇ ਦਿਨ ਹਸਪਤਾਲ ਵਿੱਚੋਂ ਅਚਾਨਕ ਗਾਇਬ ਹੋਣ ’ਤੇ ਜਾਖਲ ਪੁੱਜਾ ਜਿੱਥੇ ਰੇਲ ਗੱਡੀ ਹੇਠ ਆ ਕੇ ਉਸ ਦੀ ਮੌਤ ਹੋ ਗਈ। ਰੇਲਵੇ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।