ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਅਪਰੈਲ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਇੰਡੀਆ ਗੱਠਜੋੜ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਨਸ਼ੇ ਦਾ ਮੁੱਦੇ ’ਤੇ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਹਲਕਾ ਕਲਾਇਤ ਵਿੱਚ ਲਗਾਤਾਰ ਨਸ਼ਾ ਵੱਧ ਰਿਹਾ ਹੈ। ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਨਹੀਂ ਪੈ ਰਹੀ। ਕੀ ਸੱਤਾ ਵਿੱਚ ਬੈਠੇ ਲੋਕ ਇਸ ਦੀ ਜ਼ਿੰਮੇਵਾਰੀ ਲੈਣਗੇ? ਉਨ੍ਹਾਂ ਕਿਹਾ ਕਿ ਉਪਰ ਤੋਂ ਲੈ ਕੇ ਥੱਲੇ ਤਕ ਨਸ਼ੇ ਦੀ ਚੈਨ ਬਣੀ ਗਈ ਹੈ। ਗੁਪਤਾ ਨੇ ਦਾਅਵਾ ਕੀਤਾ ਕਿ ਕਲਾਇਤ ਦੀ ਗਲੀ-ਗਲੀ ਵਿੱਚ ਹਰ ਤਰ੍ਹਾਂ ਦਾ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ, ਜਿਸ ਦੀ ਜ਼ਿੰਮੇਵਾਰ ਭਾਜਪਾ ਸਰਕਾਰ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਇਹ ਸੁਆਲ ਉੱਠ ਰਹੇ ਹਨ ਕਿ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਕਿਸ ਕਿਸ ਨੇਤਾ ਦੀ ਹਿੱਸੇਦਾਰੀ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ 50 ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ, ਪਰ ਅੱਜ ਤਕ ਕਿਸੇ ਮੁਲਜ਼ਮ ਨੂੰ ਫੜਿਆ ਨਹੀਂ ਗਿਆ। ਗੁਪਤਾ ਨੇ ਕਿਹਾ ਕਿ ਨਸ਼ਾ ਬੰਦ ਕਰਨ ਲਈ ਚੰਗੀ ਸਿੱਖਿਆ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਪਵੇਗਾ, ਜੋ ਸਿਰਫ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ। ਨਸ਼ਾ ਦੇ ਕਾਰੋਬਾਰੀਆਂ ਨੂੰ ਜੇਲੀਂ ਡਕਿਆ ਜਾਏ ਤਾਂ ਸਥਿਤੀ ਸੁਧਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸਾਨ ਵਿਰੋਧੀ ਹੈ, ਇਹ ਕਿਸਾਨਾਂ ਨੂੰ ਖਾਲਸਤਾਨੀ, ਅੰਦੋਲਨਕਾਰੀ, ਅਤਿਵਾਦੀ ਕਹਿੰਦੀ ਹੈ ਕਿਸਾਨ ਜਦ ਪੀਐੱਮ ਮੋਦੀ ਨੂੰ ਆਪਣਾ ਵਾਅਦਾ ਯਾਦ ਕਰਾਉਣ ਲਈ ਦਿੱਲੀ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਉਨ੍ਹਾਂ ਦੇ ਰਾਹ ਵਿਚ ਕਿੱਲਾਂ ਠੋਕ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਵਾਨਾਂ ਨੂੰ ਸੜਕਾਂ ਤੇ ਘਸੀਟਿਆ ਗਿਆ, ਪਰ ਅੱਜ ਤਕ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਜੇ ਪੀ ਦਾ ਬੇਟਾ ਵਿਕਾਸ ਸਹਾਰਣ, ਧਰਮਪਾਲ ਗੁਪਤਾ, ਵਿਉਪਾਰੀ ਨੇਤਾ ਮਹਾਂਵੀਰ, ਜੋਰਾਵਰ ਸਕਾੜੀ ਆਦਿ ਮੌਜੂਦ ਸਨ।