ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਦਸੰਬਰ
ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਨੇੜੇ ਇਕ ਨਮਕੀਨ ਤੇ ਮਸਾਲਿਆਂ ਆਦਿ ਦੀ ਏਜੰਸੀ ਦੇ ਗੁਦਾਮ ਵਿਚ ਅਚਾਨਕ ਅੱਗ ਲੱਗ ਜਾਣ ਕਰ ਕੇ ਤਿੰਨ ਦੁਕਾਨਾਂ ਵਿਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਪਹਿਲਾਂ ਦੁਕਾਨ ਦੇ ਮਾਲਕ ਨੂੰ ਸਮਝ ਨਹੀਂ ਆਇਆ ਕਿ ਧੂੰਆਂ ਕਿਥੋਂ ਨਿਕਲ ਰਿਹਾ ਹੈ ਪਰ ਜਦ ਅੱਗ ਵਧਣ ਲੱਗੀ ਤਾਂ ਉਸ ਨੇ ਰੌਲਾ ਪਾਇਆ ਤੇ ਨੇੜੇ ਤੇੜੇ ਦੇ ਲੋਕ ਇੱਕਠੇ ਹੋਏ ਸਾਮਾਨ ਬਾਹਰ ਕੱਢਣ ਲੱਗੇ ਤੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਗਿਆ। ਵਿਧਾਇਕ ਰਾਮ ਕਰਨ ਕਾਲਾ ਨੇ ਫਾਇਰ ਬ੍ਰਿਗੇਡ ਤੇ ਪੁਲੀਸ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ ਦੁਕਾਨਾਂ ਤੋੜ ਕੇ ਅੱਗ ’ਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਸੰਜੀਵ ਦਾ ਕਹਿਣਾ ਹੈ ਕਿ ਉਹ ਸਵੇਰੇ ਦੁਕਾਨ ’ਤੇ ਆਇਆ ਤੇ ਕੁਝ ਦੇਰ ਕੰਮ ਕਰਕੇ ਨਾਸ਼ਤਾ ਕਰਨ ਲਈ ਘਰ ਚਲਾ ਗਿਆ, ਜਦ ਉਹ ਵਾਪਸ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਦੁਕਾਨ ’ਚੋਂ ਧੂੰਆਂ ਨਿਕਲ ਰਿਹਾ ਸੀ। ਦੇਖਦੇ ਹੀ ਦੇਖਦੇ ਅੱਗ ਫੈਲ ਗਈ ਕਿਉਂਕਿ ਸਾਰਾ ਮਾਲ ਗੱਤੇ ਦੇ ਡਬਿਿਆਂ ਤੇ ਪੋਲੀਥੀਨ ਵਿਚ ਸੀ। ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਦਾ 12 ਤੋਂ 13 ਲੱਖ ਰੁਪਏ ਮਾਲ ਸੜ ਗਿਆ ਹੈ।