ਪੱਤਰ ਪ੍ਰੇਰਕ
ਟੋਹਾਣਾ, 26 ਜੂਨ
ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚੱਲਦਿਆਂ ਪਿੰਡ ਨੰਗਥਲਾ ਦੇ ਸਾਬਕਾ ਸਰਪੰਚ ਸਤਪਾਲ ਨਾਗਰ ਉਰਫ਼ ਗੁਲੂ ਦੇ ਘਰ ਦਾਖਲ ਹੋ ਕੇ ਦੋ ਹਥਿਆਰਬੰਦ ਨੌਜਵਾਨਾਂ ਨੇ ਉਸ ਦੇ ਬੇਟੇ ਜੈਪ੍ਰਕਾਸ਼ ਉਰਫ਼ ਜੇਪੀ (26) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮਗਰੋਂ ਪਰਿਵਾਰ ਉਸ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਮਗਰੋਂ ਡੀਐੱਸਪੀ ਗੌਰਵ ਸ਼ਰਮਾ ਤੇ ਐੱਸਐੱਚਓ ਪ੍ਰਤਾਪ ਸਿੰਘ ਪੁਲੀਸ ਟੀਮਾਂ ਨਾਲ ਮੌਕੇ ‘ਤੇ ਪੁੱਜੇ। ਪੁਲੀਸ ਨੇ ਕਮਰੇ ‘ਚੋਂ ਕਾਰਤੂਸ ਦੇ ਚਾਰ ਖਾਲੀ ਖੋਲ ਬਰਾਮਦ ਕੀਤੇ ਹਨ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੇਪੀ ਦੇ ਪਿਤਾ ਸਤਪਾਲ ਨਾਗਰ ਦੀ ਸ਼ਿਕਾਇਤ ਦੇ ਆਧਾਰ ‘ਤੇ ਬਲਵੰਤ, ਅਸ਼ਵਨੀ, ਨਵੀਨ, ਕ੍ਰਿਸ਼ਨ, ਸੁਰੇਸ਼, ਵਿਨੋਦ ਸਮੇਤ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।