ਰਤਨ ਸਿੰਘ ਢਿੱਲੋਂ
ਅੰਬਾਲਾ, 14 ਅਪਰੈਲ
ਇੱਥੋਂ ਦੇ ਸੈਕਟਰ-9 ਵਿਚਲੇ ਇੱਕ ਘਰ ਵਿੱਚ ਖਾਣਾ ਬਣਾਉਣ ਵਾਲਾ ਨੌਕਰ ਵਿੱਕੀ ਉਰਫ਼ ਰਾਹੁਲ ਨੇਪਾਲੀ, ਮਕਾਨ ਮਾਲਕ ਕੁਲਸ਼ੇਰ ਸਿੰੰਘ ਵਿਰਕ ਅਤੇ ਇੱਕ ਨੌਕਰ ਨੂੰ ਬੇਹੋਸ਼ ਕਰ ਕੇ ਤੇ ਬੰਦੀ ਬਣਾ ਕੇ ਘਰ ਵਿੱਚੋਂ ਗਹਿਣੇ, ਨਕਦੀ ਅਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਿਆ।
ਕੁਲਸ਼ੇਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਸੈਕਟਰ-9 ਥਾਣੇ ਵਿੱਚ ਸ਼ਿਕਾਇਤ ਦਿੱਤੀ ਕਿ ਬੀਤੇ ਦਿਨ ਉਹ, ਉਸ ਦਾ ਬੇਟਾ ਕੰਵਰ ਪ੍ਰਤਾਪ ਅਤੇ ਨੂੰਹ ਰੂਬੀਨਾ, ਮੰਗੋਲੀ ਵਿਰਕਾਂ (ਬਰਾੜਾ) ਪਿੰਡ ਗਏ ਹੋਏ ਸਨ ਤੇ ਘਰ ਵਿੱਚ ਉਸ ਦਾ ਪਤੀ ਕੁਲਸ਼ੇਰ ਸਿੰਘ ਅਤੇ ਨੌਕਰ ਮੌਜੂਦ ਸਨ। ਦੇਰ ਸ਼ਾਮ ਜਦੋਂ ਉਹ ਵਾਪਸ ਆਏ ਤਾਂ ਘਰ ਦਾ ਗੇਟ ਖੁੱਲ਼੍ਹਾ ਸੀ ਅਤੇ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਉਸ ਦਾ ਪਤੀ ਬੇਹੋਸ਼ੀ ਦੀ ਹਾਲਤ ਵਿੱਚ ਬਾਥਰੂਮ ਵਿੱਚ ਬੰਦ ਕੀਤਾ ਹੋਇਆ ਸੀ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਦਾ ਨੌਕਰ ਪਾਂਡੇ ਉੱਪਰਲੀ ਮੰਜ਼ਿਲ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਸੀ ਜਦਕਿ ਦੂਜਾ ਨੌਕਰ ਵਿੱਕੀ ਉਰਫ਼ ਨੇਪਾਲੀ ਘਰ ਵਿੱਚੋਂ ਗਾਇਬ ਸੀ।
ਗੁਰਮੀਤ ਕੌਰ ਅਨੁਸਾਰ ਵਿੱਕੀ ਆਪਣੇ ਸਾਥੀਆਂ ਨਾਲ ਰਲ਼ ਕੇ ਉਸ ਦੇ ਪਤੀ ਅਤੇ ਨੌਕਰ ਨੂੰ ਬੇਹੋਸ਼ ਕਰਨ ਤੋਂ ਬਾਅਦ ਬੰਦੀ ਬਣਾ ਕੇ ਘਰ ਵਿੱਚੋਂ ਸੋਨੇ ਤੇ ਚਾਂਦੀ ਦੇ ਗਹਿਣੇ, ਨਕਦੀ, ਆਈਫੋਨ ਅਤੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਚੋਰੀ ਕਰ ਕੇ ਫ਼ਰਾਰ ਹੋ ਗਿਆ ਹੈ। ਸੈਕਟਰ-9 ਥਾਣੇ ਦੇ ਐੱਸਐੱਚਓ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਕੇਸ ਦਰਜ ਕਰ ਲਿਆ ਹੈ।