ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 21 ਜੁਲਾਈ
ਦੱਖਣੀ ਹਰਿਆਣਾ ਬਿਜਲੀ ਖੰਡ ਨਿਗਮ ਵਿੱਚੋਂ ਬਰਖਾਸਤ ਲਾਈਨਮੈਨ ਜਸਕੌਰ ਸਿੰਘ ਨੇ ਸ਼ਹਿਰ ’ਚ ਨਗਰ ਪਰਿਸ਼ਦ ਡੱਬਵਾਲੀ ਦੀਆਂ ਹਜ਼ਾਰਾਂ ਸਟਰੀਟ ਲਾਈਟਾਂ ਬਿਜਲੀ ਨਿਗਮ ਤੋਂ ਬਿਨਾਂ ਮਨਜ਼ੂਰੀ ਅਤੇ ਬਿਨਾਂ ਕਿਸੇ ਮੀਟਰ ਦੇ ਚੱਲਣ ਦਾ ਖੁਲਾਸਾ ਕੀਤਾ ਹੈ। ਉਸਨੇ ਇਸ ਕਥਿਤ ਘਪਲੇਬਾਜ਼ੀ ਬਾਰੇ ਨਿਗਮ ਦੇ ਐਕਸ ਵਾਈ ਜ਼ੈਡ ਵਿੰਗ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਭਖਣ ’ਤੇ ਸਥਾਨਕ ਪੱਧਰ ‘ਤੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਬਰਖਾਸਤ ਮੁਲਾਜ਼ਮ ਦੇ ਦੋਸ਼ਾਂ ਦੀ ਸੱਚਾਈ ਜਾਣਨ ਲਈ ਮੀਡੀਆ ਪੜਤਾਲ ’ਚ ਤੱਥ ਸਾਹਮਣੇ ਆਏ ਕਿ ਨਗਰ ਪਰਿਸ਼ਦ ਡੱਬਵਾਲੀ ਵੱਲੋਂ ਸ਼ਹਿਰ ’ਚ ਹਜ਼ਾਰਾਂ ਸਟਰੀਟ ਲਾਈਟਾਂ ਲਈ ਮਨਜ਼ੂਰਸ਼ੁਦਾ ਲੋਡ ਨਾਲੋਂ 350 ਕਿਲੋਵਾਟ ਵੱਧ ਲੋਡ ਚੱਲ ਰਿਹਾ ਹੈ। ਇਸ ਦਾ ਬਿਜਲੀ ਨਿਗਮ ਵੱਲੋਂ ਪ੍ਰਤੀ ਸਟਰੀਟ ਲਾਈਟ ਲੋਡ ਜੋੜ ਕੇ ਬਿੱਲ ਵਸੂਲਿਆ ਜਾ ਰਿਹਾ ਹੈ। ਮੀਟਰਾਂ ਲਈ ਦਰਖਾਸਤ ਲਗਾਉਣ ਮਗਰੋਂ ਨਗਰ ਪਰਿਸ਼ਦ ਵੱਲੋਂ ਨਿਗਮ ਨੂੰ ਜਮ੍ਹਾਂ ਕਰਵਾਏ ਐਸਟੀਮੇਟ ਦੇ ਲੱਖਾਂ ਰੁਪਏ ਅੱਧ ਵਿਚਕਾਰ ਫਸਣ ਕਰਕੇ ਨਿਗਮ ਨੇ ਫਾਈਲਾਂ ਰੱਦ ਕਰ ਦਿੱਤੀਆਂ। ਇਸੇ ਕਰਕੇ ਪੇਚ ਫਸਿਆ ਹੋਇਆ ਹੈ।
ਨਗਰ ਪਰਿਸ਼ਦ ਦੇ ਕਾਰਜਕਾਰੀ ਇੰਜਨੀਅਰ ਰਾਕੇਸ਼ ਪੂਨੀਆ ਨੇ ਕਿਹਾ ਕਿ ਅੱਠ ਮੀਟਰ ਲੱਗੇ ਹੋਏ ਹਨ। ਨਗਰ ਪਰਿਸ਼ਦ ਵੱਲੋਂ ਕਰੀਬ 3200 ਸਟਰੀਟ ਲਾਈਟ ਦਾ ਬਿਜਲੀ ਨਿਗਮ ਨੂੰ ਲੋਡ ਵਾਈਜ਼ ਬਿੱਲ ਭਰਿਆ ਜਾ ਰਿਹਾ ਹੈ। ਪਿੱਛੇ ਜਿਹੇ ਦੋ ਮਹੀਨੇ ਦੇ 20-22 ਲੱਖ ਰੁਪਏ ਨਿਗਮ ਨੂੰ ਬਤੌਰ ਬਿੱਲ ਅਦਾ ਕੀਤੇ ਗਏ ਹਨ। ਕਰੀਬ ਪੰਜ ਮਹੀਨੇ ਪਹਿਲਾਂ 25 ਬਿਜਲੀ ਮੀਟਰ ਅਪਲਾਈ ਕੀਤੇ ਸਨ। ਐਸਟੀਮੇਟ ਰਕਮ ਵਜੋਂ 20-22 ਲੱਖ ਰੁਪਏ ਭਰੇ ਗਏ ਸਨ। ਨਿਗਮ ਨੇ ਫਾਈਲਾਂ ਰੱਦ ਕਰ ਦਿੱਤੀਆਂ। ਜਦ ਤੱਕ ਜਮ੍ਹਾ ਰਕਮ ਵਾਪਸ ਨਹੀਂ ਆਉਂਦੀ ਤਦ ਤੱਕ ਦੁਬਾਰਾ ਅਪਲਾਈ ਨਹੀਂ ਕੀਤਾ ਜਾ ਸਕਦਾ।
ਮਾਮਲੇ ਦੀ ਪੜਤਾਲ ਲਈ ਕਮੇਟੀ ਬਣਾਈ: ਐੱਸਡੀਓ
ਬਿਜਲੀ ਵੰਡ ਨਿਗਮ ਦੇ ਐੱਸਡੀਓ ਸੁਰਿੰਦਰ ਸਹਾਰਨ ਦਾ ਕਹਿਣਾ ਸੀ ਕਿ ਨਿਗਮ ਦੇ ਦਸ ਮੀਟਰ ਲੱਗੇ ਹੋਏ ਹਨ। ਨਗਰ ਪਰਿਸ਼ਦ ਨੇ ਮਾਰਚ ’ਚ ਬਿਜਲੀ ਬਿੱਲ ਦੇ ਕਰੀਬ 40 ਲੱਖ ਰੁਪਏ ਭਰੇ ਸਨ। ਇਸ ਤੋਂ ਇਲਾਵਾ ਬਿਜਲੀ ਬਿੱਲਾਂ ’ਤੇ ਲੱਗਣ ਵਾਲਾ ਮਿਊਂਸਿਪਲ ਟੈਕਸ ਵੀ ਬਿਜਲੀ ਨਿਗਮ ਕੋਲ ਜਮ੍ਹਾਂ ਹੁੰਦਾ ਹੈ, ਉਥੋਂ ਬਿੱਲਾਂ ਦੀ ਭਰਪਾਈ ਹੋ ਜਾਂਦੀ ਹੈ। ਇਹ ਕੋਈ ਘਪਲੇਬਾਜ਼ੀ ਨਹੀਂ, ਲੋਡ ਮੁਤਾਬਕ ਬਿੱਲ ਲਿਆ ਜਾ ਰਿਹਾ ਹੈ। ਸ਼ਿਕਾਇਤ ਦੀ ਜਾਂਚ ਲਈ ਜੇਈ ਅਤੇ ਫੋਰਮੈਨਾਂ ’ਤੇ ਆਧਾਰਤ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਖਾਮੀ ਆਉਣ ’ਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।