ਪੱਤਰ ਪ੍ਰੇਰਕ
ਜੀਂਦ, 29 ਅਪਰੈਲ
ਇੱਥੇ ਬੀਤੀ ਸ਼ਾਮ ਆਏ ਮੀਂਹ ਤੇ ਝੱਖੜ ਕਾਰਨ ਇਲਾਕੇ ਵਿੱਚ ਕਾਫੀ ਨੁਕਸਾਨ ਹੋ ਗਿਆ। ਇਸ ਦੌਰਾਨ ਪਿੰਡ ਪੈਂਗਾਂ ਦੇ ਇੱਕ ਮਕਾਨ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਮਕਾਨ ਦੀ ਛੰਤ ਡਿੱਗ ਗਈ। ਜਾਣਕਾਰੀ ਅਨੁਸਾਰ ਬਿਜਲੀ ਡਿੱਗਣ ਕਾਰਨ ਉੱਥੇ ਰੱਖੇ ਬਿਜਲੀ ਯੰਤਰ ਸੜ ਗਏ। ਪਿੰਡ ਪੈਂਗਾਂ ਦੀ ਲਾਡਾ ਪੱਟੀ ਨਿਵਾਸੀ ਟੇਕ ਰਾਮ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੇ ਮਕਾਨ ’ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ ਜਿਸ ਕਾਰਨ ਉਸ ਦੇ ਕਮਰੇ ਦੀ ਛੱਤ ਡਿੱਗ ਗਈ ਅਤੇ ਕਮਰੇ ਅੰਦਰ ਰੱਖਿਆ ਸਾਰਾ ਸਮਾਨ ਤੇ ਬਿਜਲੀ ਦੇ ਯੰਤਰ ਸੜ ਗਏ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਉਸ ਦੀ ਮਦਦ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਝੱਖੜ ਕਾਰਨ ਇਲਾਕੇ ਵਿੱਚ ਹੋਰ ਵੀ ਨੁਕਸਾਨ ਹੋਇਆ ਹੈ।