ਨਿੱਜੀ ਪੱਤਰ ਪ੍ਰੇਰਕ
ਸਿਰਸਾ, 23 ਸਤੰਬਰ
ਇਥੇ ਪਿਛਲੇ ਤਿੰਨ ਦਿਨਾਂ ਤੋਂ ਰੁੱਕ ਰੁੱਕ ਕੇ ਪਏ ਰਹੇ ਮੀਂਹ ਨੇ ਕਿਸਾਨਾਂ ਦੀ ਨਰਮੇ ਤੇ ਝੋਨੇ ਦੀ ਫ਼ਸਲ ਮਧੌਲ ਦਿੱਤੀ ਹੈ। ਮੀਂਹ ਕਾਰਨ ਅਗੇਤੇ ਕਿਸਮ ਦੇ ਝੋਨੇ ਦੀ ਵਾਢੀ ਜਿਥੇ ਪ੍ਰਭਾਵਿਤ ਹੋਈ ਹੈ ਉਥੇ ਹੀ ਪਿਛੇਤੇ ਕਿਸਮ ਦੇ ਨਿਸਰ ਰਹੇ ਝੋਨੇ ਦਾ ਬੂਰ ਡਿੱਗਣ ਕਾਰਨ ਕਿਸਾਨਾਂ ਨੂੰ ਪੈਦਾਵਾਰ ਘਟਣ ਤੇ ਕੁਆਲਟੀ ਮਾੜੀ ਹੋਣ ਦਾ ਵੀ ਖਦਸ਼ਾ ਹੈ। ਪਿੰਡ ਬਾਜੇਕਾਂ ਦੇ ਕਿਸਾਨ ਭਜਨ ਲਾਲ, ਸੰਦੀਪ ਕੁਮਾਰ ਨੇ ਦੱਸਿਆ ਹੈ ਕਿ ਖੇਤਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਰੁੱਕ ਰੁੱਕ ਕੇ ਮੀਂਹ ਪੈ ਰਿਹਾ ਹੈ ਜਿਸ ਕਾਰਨ ਸਾਉਣੀ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਗੇਤੇ ਝੋਨੇ ਦੀ ਫ਼ਸਲ ਕਟਾਈ ਲਈ ਤਿਆਰ ਹੈ ਪਰ ਮੀਂਹ ਕਾਰਨ ਇਸ ਦੀ ਵਾਢੀ ਲੇਟ ਹੋ ਗਈ ਹੈ। ਪਿਛੇਤੇ ਨਿਸਰ ਰਹੇ ਝੋਨੇ ਦਾ ਬੂਰ ਮੀਂਹ ਨਾਲ ਡਿੱਗ ਪਿਆ ਹੈ ਜਿਸ ਦਾ ਵੀ ਝਾੜ ਘਟੇਗਾ ਤੇ ਕੁਆਲਿਟੀ ’ਤੇ ਵੀ ਅਸਰ ਪੈ ਸਕਦਾ ਹੈ।
ਏਲਨਾਬਾਦ (ਪੱਤਰ ਪ੍ਰੇਰਕ): ਖੇਤਰ ਵਿੱਚ ਅੱਜ ਸਵੇਰ ਤੋਂ ਹੋ ਰਹੀ ਹਲਕੀ ਤੋਂ ਦਰਮਿਆਨੀ ਬਰਸਾਤ ਕਾਰਨ ਨਰਮੇ ਅਤੇ ਕਪਾਹ ਦੀ ਫ਼ਸਲ ਪ੍ਰਭਾਵਿਤ ਹੋ ਗਈ। ਕਿਸਾਨਾਂ,ਸੁਮਿਤ ਸਿੰਘ,ਕੁਲਦੀਪ ਕੁਮਾਰ,ਜਰਨੈਲ ਸਿੰਘ,ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਸ ਵਾਰ ਜਿੱਥੇ ਬਿਮਾਰੀਆਂ ਨੇ ਨਰਮੇ-ਕਪਾਹ ਦੀ ਫ਼ਸਲ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ ਉੱਥੇ ਹੀ ਕੁਦਰਤੀ ਕਰੋਪੀ ਕਾਰਨ ਵੀ ਫ਼ਸਲ ਬਰਬਾਦ ਹੋਈ ਹੈ। ਜਿਸ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।