ਪੰਚਕੂਲਾ: ਪੰਚਕੂਲਾ ਵਿੱਚ ਹਰਿਆਣਾ ਗੌਰਮਿੰਟ ਦੇ ਲੋਕ ਨਿਰਮਾਣ ਵਿਭਾਗ ਦੇ ਮੁਲਾਜ਼ਮਾਂ ਦਾ ਧਰਨਾ ਅੱਜ 20ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਇਹ ਧਰਨਾ ਮਕੈਨੀਕਲ ਵਰਕਰ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਹੈ। ਮੁਲਾਜ਼ਮ ਆਗੂ ਅਨੂਪ ਕੁਮਾਰ ਨੇ ਮੰਗ ਕੀਤੀ ਕਿ ਨਗਰ ਪਾਲਿਕਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਪੀਡਬਲਿਊਡੀ ਦੀਆਂ ਸੇਵਾਵਾਂ ਬੰਦ ਕੀਤੀਆਂ ਜਾਣ, ਲੋਕ ਨਿਰਮਾਣ ਵਿਭਾਗ ਪ੍ਰਯੋਗਸ਼ਾਲਾਵਾਂ ਅਤੇ ਮਕੈਨੀਕਲ ਵਰਕਸ਼ਾਪਾਂ ਨੂੰ ਮੁੜ ਸ਼ੁਰੂ ਕੀਤਾ ਜਾਵੇ, ਦਸਵੀਂ ਅਤੇ ਆਈਟੀਆਈ ਪਾਸ ਕਰਮਚਾਰੀਆਂ ਨੂੰ 2400 ਦਾ ਗਰੇਡ ਜਾਰੀ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੰਚਾਇਤੀ ਟਿਊਬਵੈੱਲ ਆਪਰੇਟਰਾਂ ਨੂੰ ਈਐੱਸਆਈ ਅਤੇ ਈਪੀਐਫ ਦੀਆਂ ਸਹੂਲਤਾਂ ਦਿੱਤੀਆਂ ਜਾਣ। -ਪੱਤਰ ਪ੍ਰੇਰਕ