ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਅਕਤੂਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਖੇਤੀ ਅਧਿਕਾਰੀਆਂ ਦੀ ਲਾਪ੍ਰਵਾਹੀ ਕਰ ਕੇ ਕਿਸਾਨ ਬਿਨਾਂ ਰੋਕ ਟੋਕ ਖੇਤਾਂ ਵਿਚ ਹੀ ਰਹਿੰਦ-ਖੂੰਹਦ ਰਹੇ ਹਨ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਤੋਂ ਰੋਕਣ ਲਈ ਬਕਾਇਦਾ ਨਿਗਰਾਨੀ ਕਮੇਟੀਆਂ ਦਾ ਗਠਨ ਵੀ ਕੀਤਾ ਹੋਇਆ ਹੈ ਜੋ ਬੇਅਸਰ ਸਾਬਤ ਹੋ ਰਿਹਾ ਹੈ। ਪਰਾਲੀ ਸਾੜਨ ’ਤੇ ਕੋਈ ਕਾਰਗਾਰ ਰੋਕ ਨਹੀਂ ਲੱਗ ਸਕੀ ਜਿਸ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਪਰਾਲੀ ਤੇ ਰਹਿੰਦ ਖੂਹੰਦ ਸਾੜਨ ਦਾ ਕੋਈ ਸ਼ੌਕ ਨਹੀਂ ਤੇ ਉਹ ਇਸ ਦੇ ਪ੍ਰਦੂਸ਼ਣ ਤੋਂ ਵੀ ਭਲੀ ਭਾਂਤ ਜਾਣੂ ਹਨ। ਉਹ ਮਜਬੂਰੀ ਵਸ ਨਾੜ ਨੂੰ ਅਗ ਲਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਰਲੀ ਨੂੰ ਖੇਤਾਂ ਵਿਚ ਸਾੜਨ ਦਾ ਕੰਮ ਨਾ ਸਿਰਫ ਮਹਿੰਗਾ ਹੈ ਬਲਕਿ ਇਸ ਨਾਲ ਸਮੇਂ ਦੀ ਵੀ ਕਾਫੀ ਬਰਬਾਦੀ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਲੂ ਤੇ ਚਾਰੇ ਦੀ ਫਸਲ ਤਿਆਰ ਕਰਨ ਲਈ ਨਾੜ ਸਾੜਨਾ ਜ਼ਰੂਰੀ ਹੈ ਜੇ ਕਿਸਾਨ ਟਰੈਕਟਰ ਜਾਂ ਹੋਰ ਯੰਤਰਾਂ ਰਾਹੀਂ ਇਸਨੂੰ ਨਸ਼ਟ ਕਰਦੇ ਹਨ ਤਾਂ ਉਨਾਂ ਨੂੰ 6 ਤੋਂ 7 ਹਜਾਰ ਰੁਪਏ ਦਾ ਖਰਚਾ ਹੋਰ ਕਰਨਾ ਪੈਦਾਂ ਹੈ ਜੋ ਘਾਟੇ ਦਾ ਸੌਦਾ ਹੈ। ਕਿਸਾਨ ਓਮ ਪ੍ਰਕਾਸ਼, ਰਾਮ ਪਾਲ, ਰਾਮ ਕੁਮਾਰ ਆਦਿ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਖੇਤਰ ਵਿੱਚ ਅਜੇ ਤਕ ਖੇਤੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਨਸ਼ਟ ਕਰਨ ਲਈ ਖੇਤੀ ਯੰਤਰ ਮੁਹੱਈਆ ਨਹੀਂ ਕਰਾਏ। ਜਿਸ ਲਈ ਮਜਬੂਰ ਵੱਸ ਉਨ੍ਹਾਂ ਨੂੰ ਅਗ ਦਾ ਸਹਾਰਾ ਲੈਣਾ ਪੈਂਦਾ ਹੈ। ਕਿਸਾਨਾਂ ਨੇ ਪਰਾਲੀ ਨੂੰ ਨਸ਼ਟ ਕਰਨ ਲਈ ਹੋਰ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨ ਸਰਕਾਰੀ ਖਰਚੇ ’ਤੇ ਹੀ ਨਾੜ ਨੂੰ ਖੇਤਾਂ ਵਿੱਚ ਨਸ਼ਟ ਕਰ ਸਕੇ।