ਪੱਤਰ ਪ੍ਰੇਰਕ
ਕਾਲਾਂਵਾਲੀ, 12 ਅਕਤੂਬਰ
ਇੱਥੋਂ ਦੀ ਸੀ.ਆਈ.ਏ ਸਟਾਫ ਪੁਲੀਸ ਦੀ ਟੀਮ ਨੇ ਪਿੰਡ ਪੰਨੀਵਾਲਾ ਮੋਟਾ ਅਤੇ ਸਾਹੂਵਾਲਾ ਫਸਟ ਦੇ ਵਿਚਕਾਰ ਛਤਰੀਆਂ ਰੋਡ ਇਲਾਕੇ ਤੋਂ ਅੰਗਰੇਜ਼ੀ ਸ਼ਰਾਬ ਦੀ ਖੇਪ ਅਤੇ ਟਰੱਕ ਨੂੰ ਪਾਇਲਟ ਕਰ ਰਹੀ ਕ੍ਰੇਟਾ ਗੱਡੀ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਸੀ.ਆਈ.ਏ. ਕਾਲਾਂਵਾਲੀ ਦੇ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਜੀ ਰਾਮ, ਰਾਧੇ ਸ਼ਿਆਮ ਵਾਸੀ ਰਾਜਸਥਾਨ, ਵਿਕਰਮ ਸਿੰਘ ਅਤੇ ਸ਼ਰਾਬ ਠੇਕੇਦਾਰ ਨਰੇਸ਼ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਸ਼ਰਾਬ ਰਾਜਸਥਾਨ ਅਤੇ ਗੁਜਰਾਤ ਖੇਤਰ ਵਿੱਚ ਸਪਲਾਈ ਕੀਤੀ ਜਾਣੀ ਹੈ। ਪੁਲੀਸ ਨੇ ਜਦੋਂ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਲਸਣ ਅਤੇ ਪਿਆਜ਼ ਦੀਆਂ ਬੋਰੀਆਂ ਹੇਠੋਂ ਅੰਗਰੇਜ਼ੀ ਸ਼ਰਾਬ ਦੀਆਂ 256 ਪੇਟੀਆਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਬੂ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਬੜਾਗੁੜਾ ਵਿੱਚ ਐਕਸਾਈਜ਼ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।