ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਅਪਰੈਲ
ਅੰਬਾਲਾ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੈਂਟ ਦੀ ਡੇਹਾ ਕਲੋਨੀ ਦੇ ਵਸਨੀਕ ਸਾਬਕਾ ਕਾਂਗਰਸੀ ਕੌਂਸਲਰ ਰਾਜੇਸ਼ ਕੁਮਾਰ ਦੇ ਗੁਦਾਮ ਵਿੱਚੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਉਸ ਅਤੇ ਉਸ ਦੀ ਫ਼ਰਾਰ ਪਤਨੀ ਗੁੱਡੀ ਦੇ ਐੱਚਡੀਐੱਫਸੀ ਬੈਂਕ ਵਿਚਲੇ ਚਾਰ ਖਾਤੇ ਸੀਲ ਕੀਤੇ। ਵੀਰਵਾਰ ਨੂੰ ਸਵੇਰੇ ਨਗਰ ਕੌਂਸਲ ਦੀ ਟੀਮ ਨੇ ਪੁਲੀਸ ਸੁਰੱਖਿਆ ਵਿੱਚ ਡੇਹਾ ਕਾਲੋਨੀ ਸਥਿਤ ਉਸ ਦਾ ਗੋਦਾਮ ਵੀ ਢਹਿ-ਢੇਰੀ ਕਰ ਦਿੱਤਾ ਹੈ। ਟੀਮ ਨੇ ਗਲੀ ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਦੇ ਨਾਲ ਨਾਲ ਟੌਇਲਿਟ ਵੀ ਤੋੜ ਦਿੱਤਾ। ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਮੌਕੇ ’ਤੇ 400 ਪੁਲੀਸ ਜਵਾਨ ਤਾਇਨਾਤ ਕੀਤੇ ਗਏ ਸਨ। ਐੱਸਐੱਚਓ ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਰੀ ਕਾਰਵਾਈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਗਈ ਹੈ। ਨਸ਼ੇ ਦੇ ਕਾਰੋਬਾਰੀ ’ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੁਲੀਸ ਨੇ ਸਾਬਕਾ ਕਾਂਗਰਸੀ ਕੌਂਸਲਰ ਰਾਜੇਸ਼ ਕੋਲੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਸੀ। ਉਹ ਸ਼ਹਿਰ ਵਿੱਚ ਨਸ਼ਾ ਨਹੀਂ ਵੰਡਣ ਦੇਣਗੇ।