ਪੱਤਰ ਪ੍ਰੇਰਕ
ਫਰੀਦਾਬਾਦ, 25 ਜੁਲਾਈ
ਅਤੁਲ ਸੱਤਿਆ ਕੌਸ਼ਿਕ ਦਾ ਨਾਟਕ ‘ਪਜਾਮਾ ਪਾਰਟੀ’ ਫਰੀਦਾਬਾਦ ਵਿੱਚ ਸੈਕਟਰ 8 ਸਥਿਤ ਸਰਵੋਦਿਆ ਹਸਪਤਾਲ ਦੇ ਆਡੀਟੋਰੀਅਮ ਵਿੱਚ ਖੇਡਿਆ ਗਿਆ। ਬਾਲੀਵੁਡ ਅਦਾਕਾਰਾ ਕਵਿਤਾ ਕੌਸ਼ਿਕ ਤੇ ਕਾਮਿਆ ਪੰਜਾਬੀ ਨੇ ਮਹਿਲਾ ਸਸ਼ਕਤੀਕਰਨ ‘ਤੇ ਆਧਾਰਿਤ ਨਾਟਕ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ। ਔਰਤਾਂ ਵਿਰੁੱਧ ਅਪਰਾਧ ਦਾ ਮੁੱਦਾ ਕੋਈ ਨਵਾਂ ਨਹੀਂ ਹੈ ਤੇ ਇਸ ਨੂੰ ਅੱਜ ਦੇ ਸਮੇਂ ਨਾਲ ਜੋੜਦੇ ਹੋਏ ਨਾਟਕ ਵਿੱਚ ਪੇਸ਼ ਕੀਤਾ ਗਿਆ। ਨਾਟਕ ਨੇ ਦਰਸ਼ਕਾਂ ਨੂੰ ਹਾਸੇ, ਦੁਖਾਂਤ ਅਤੇ ਭਾਵਨਾਵਾਂ ਬਾਰੇ ਰੂਬਰੂ ਕਰਵਾਇਆ। ਇਹ ਮੁੰਬਈ ਦੀਆਂ ਕੁੜੀਆਂ ਦਰਸ਼ਾ, ਆਇਸ਼ਾ, ਕਲਿਆਣੀ ਅਤੇ ਉਰਵੀ ਦੀ ਕਹਾਣੀ ਹੈ। ਚਾਰੋਂ ਕੁੜੀਆਂ ਆਪਣੀ ਜ਼ਿੰਦਗੀ ਵਿੱਚ ਕਿਸੇ ਟੀਚੇ ਲਈ ਕੰਮ ਕਰ ਰਹੀਆਂ ਹਨ ਅਤੇ ਠੀਕ ਹੋਣ ਦੀ ਉਡੀਕ ਕਰ ਰਹੀਆਂ ਹਨ। ਇਕ ਰਾਤ ਹਰ ਕੋਈ ਆਇਸ਼ਾ ਦੇ ਘਰ ਪਜਾਮਾ ਪਾਰਟੀ ਕਰਨ ਦੀ ਯੋਜਨਾ ਬਣਾਉਂਦਾ ਹੈ। ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਕਲਿਆਣੀ ਆਪਣੇ ਦੋਸਤ ਰਘੂ ਨਾਲ ਡਿਨਰ ਲਈ ਜਾਂਦੀ ਹੈ। ਜਿੱਥੇ ਉਸ ਨਾਲ ਕੁਝ ਅਜਿਹੀ ਘਟਨਾ ਵਾਪਰਦੀ ਹੈ, ਜੋ ਕਿਸੇ ਵੀ ਲੜਕੀ ਲਈ ਇੱਕ ਡਰਾਉਣੇ ਸੁਪਨੇ ਵਰਗੀ ਹੁੰਦੀ ਹੈ। ਇਸ ਘਟਨਾ ਨੇ ਕੁੜੀਆਂ ਨੂੰ ਚਿੰਤਤ ਕਰ ਦਿੱਤਾ ਹੈ। ਇਸ ਤੋਂ ਬਾਅਦ ਕਹਾਣੀ ਰਫ਼ਤਾਰ ਫੜਦੀ ਹੈ ਅਤੇ ਅੰਤ ਤੱਕ ਲੋਕਾਂ ਨੂੰ ਬੰਨ੍ਹ ਕੇ ਰੱਖਦੀ ਹੈ। ਇਸ ਘਟਨਾ ਨੂੰ ਕੁੜੀਆਂ ਕਿਵੇਂ ਨਜਿੱਠਦੀਆਂ ਹਨ, ਨਾਟਕ ਵਿੱਚ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ। ਸੁਨੀਲ ਪਲਵਲ, ਅਰਜੁਨ ਸਿੰਘ ਨੇ ਕਵਿਤਾ ਕੌਸ਼ਿਕ ਅਤੇ ਕਾਮਿਆ ਪੰਜਾਬੀ ਨਾਲ ਨਾਟਕ ਵਿੱਚ ਕੰਮ ਕੀਤਾ। ਸੰਭਰਿਆ ਫਾਊਂਡੇਸ਼ਨ ਦੇ ਡਾਇਰੈਕਟਰ ਅਭਿਸ਼ੇਕ ਦੇਸਵਾਲ ਨੇ ਦੱਸਿਆ ਕਿ ਇਸ ਨੂੰ ਜੁਨੇਜਾ ਫਾਊਂਡੇਸ਼ਨ, ਫਰੀਦਾਬਾਦ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।