ਪੱਤਰ ਪ੍ਰੇਰਕ
ਰਤੀਆ, 20 ਸਤੰਬਰ
ਇੱਥੇ ਬੀਤੀ ਦੇਰ ਸ਼ਾਮ ਸੰਜੇ ਗਾਂਧੀ ਚੌਕ ਵਿਚ ਜਾਮ ਲੱਗ ਜਾਣ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਣ ਨਾਲ ਲੋਕਾਂ ਨੂੰ ਘੰਟਿਆਂ ਵਿਚ ਜਾਮ ਵਿਚ ਫਸੇ ਰਹਿਣਾ ਪਿਆ। ਸੰਜੇ ਕੁਮਾਰ, ਦੀਪਕ ਕੁਮਾਰ, ਬਲਦੇਵ ਸਿੰਘ, ਰੋਸ਼ਨ ਲਾਲ, ਕੁਲਦੀਪ, ਤਰਸੇਮ ਨੇ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿਚ ਅਨਾਜ ਮੰਡੀ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਤਿਉਹਾਰ ਵੀ ਸ਼ੁਰੂ ਹੋਣ ਵਾਲੇ ਹਨ। ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਮੁੱਖ ਚੌਕ ਅਤੇ ਬਾਜ਼ਾਰਾਂ ਵਿਚ ਜਾਮ ਦੀ ਸਮੱਸਿਆ ਹੋਰ ਗੰਭੀਰ ਹੋ ਜਾਵੇਗੀ। ਪ੍ਰਸ਼ਾਸ਼ਨ ਨੂੰ ਹੁਣੇ ਤੋਂ ਇਸ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਭਗਤ ਸਿੰਘ ਚੌਕ, ਸੰਜੇ ਗਾਂਧੀ ਚੌਕ, ਮੇਨ ਬਾਜ਼ਾਰ, ਬੁਢਲਾਡਾ ਰੋਡ, ਟੋਹਾਣਾ ਰੋਡ ’ਤੇ ਅਕਸਰ ਜਾਮ ਦੀ ਸਮੱਸਿਆ ਰਹਿੰਦੀ ਹੈ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ।