ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਸਤੰਬਰ
ਅੰਬਾਲਾ ਕੈਂਟ ਦੇ ਨਾਲ ਲੱਗਦੇ ਪਿੰਡ ਨੱਗਲ ਖੋਜਕੀਪੁਰ ਦੇ ਸੋਸਾਇਟੀ ਬੈਂਕ ਦੀ ਬਿਲਡਿੰਗ ਨੂੰ ਢਾਹੇ ਜਾਣ ਦੇ ਵਿਰੋਧ ਵਿੱਚ ਖੋਜਕੀਪੁਰ ਪੈਕਸ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਨਾਲ ਜੁੜੇ ਕਿਸਾਨਾਂ ਦਾ 8 ਜੂਨ ਤੋਂ ਚੱਲ ਰਿਹਾ ਧਰਨਾ ਖ਼ਤਮ ਹੋ ਗਿਆ ਹੈ। ਹੁਣ ਪੁਰਾਣੀ ਬਿਲਡਿੰਗ ਦੇ ਸਾਹਮਣੇ ਹੀ ਸੁਸਾਇਟੀ ਬੈਂਕ ਦੀ 1 ਕਨਾਲ 14 ਮਰਲੇ ਜ਼ਮੀਨ ’ਤੇ ਨਵੀਂ ਬਿਲਡਿੰਗ ਬਣੇਗੀ ਜਿਸ ਲਈ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਜ਼ਮੀਨ ਅਤੇ 25 ਲੱਖ ਰੁਪਏ ਦੀ ਰਕਮ ਜਾਰੀ ਕਰਵਾਈ ਹੈ। ਅੱਜ ਭਾਕਿਯੂ ਚੜੂਨੀ ਗਰੁੱਪ ਅਤੇ ਪੈਕਸ ਸੰਘਰਸ਼ ਕਮੇਟੀ ਦੇ ਮੈਂਬਰ ਗ੍ਰਹਿ ਮੰਤਰੀ ਦੀ ਰਿਹਾਇਸ਼ ’ਤੇ ਉਨ੍ਹਾਂ ਦਾ ਧੰਨਵਾਦ ਕਰਨ ਅਤੇ ਮੂੰਹ ਮਿੱਠਾ ਕਰਾਉਣ ਲਈ ਪਹੁੰਚੇ। ਭਾਕਿਯੂ ਚੜੂਨੀ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਇਹ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਦੀ ਬਦੌਲਤ ਉਨ੍ਹਾਂ ਨੂੰ ਪੈਕਸ ਲਈ ਜ਼ਮੀਨ ਅਤੇ ਨਿਰਮਾਣ ਲਈ 25 ਲੱਖ ਰੁਪਏ ਦੀ ਰਕਮ ਜਾਰੀ ਹੋਈ ਹੈ।