ਪੱਤਰ ਪ੍ਰੇਰਕ
ਰਤੀਆ, 12 ਅਕਤੂਬਰ
ਸਦਰ ਥਾਣਾ ਰਤੀਆ ਦੇ ਸਹਾਇਕ ਉਪ ਨਿਰੀਖਣ ਦਿਲਬਾਗ ਸਿੰਘ ਦੀ ਅਗਵਾਈ ਵਿਚ ਬਣਾਈ ਟੀਮ ਨੇ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ ਭੂਨਾ ਰੋਡ ਸਥਿਤ ਪਿੰਡ ਚੰਦੋ ਕਲਾਂ ਕੋਲ ਨਾਕਾਬੰਦੀ ਦੌਰਾਨ ਪਿਸਤੌਲ ਦਿਖਾ ਕੇ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੋਂ ਲੁੱਟ-ਖੋਹ ਕਰਨ ਦੇ ਮਾਮਲੇ ਵਿਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿਕਾਸ ਉਰਫ ਠਾਕੁਰ ਵਾਸੀ ਸੁਖਮਨਪੁਰ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲੀਸ ਪਹਿਲਾਂ ਸੰਦੀਪ ਉਰਫ ਕੋਬਰਾ ਵਾਸੀ ਬਬਨਪੁਰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਸ ਦੇ ਕਬਜ਼ੇ ਵਿਚੋਂ ਵਰਤੇ ਗਏ ਪਿਸਤੌਲ ਤੋਂ ਇਲਾਵਾ ਮੋਟਰਸਾਈਕਲ ਅਤੇ ਮੋਬਾਈਲ ਵੀ ਬਰਾਮਦ ਕੀਤੇ ਹਨ। ਪੁਲੀਸ ਬੁਲਾਰੇ ਨੇ ਦੱਸਿਆ ਕਿ ਬੀਤੀ 23 ਸਤੰਬਰ ਨੂੰ 2 ਅਣਪਛਾਤੇ ਨਕਾਬਪੋਸ਼ ਨੌਜਵਾਨ ਰਤੀਆ ਭੂਨਾ ਮਾਰਗ ਸਥਿਤ ਪਿੰਡ ਚੰਦੋਕਲਾਂ ਕੋਲ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਕਰਿੰਦੇ ਓਮ ਪ੍ਰਕਾਸ਼ ਨੂੰ ਪਿਸਤੌਲ ਦਿਖਾ ਕੇ 900 ਰੁਪਏ ਦੀ ਨਗਦੀ ਤੋਂ ਇਲਾਵਾ ਸ਼ਰਾਬ ਦੀਆਂ ਬੋਤਲਾਂ ਅਤੇ ਉਸ ਦਾ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਾਰਵਾਈ ਕਰਦਿਆਂ ਪਹਿਲਾਂ ਹੀ ਇਕ ਨੌਜਵਾਨ ਸੰਦੀਪ ਉਰਫ ਕੋਬਰਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਨਿਸ਼ਾਨਦੇਹੀ ’ਤੇ ਦੂਜੇ ਮੁਲਜ਼ਮ ਦੀ ਪਹਿਚਾਣ ਹੋ ਸਕੀ।
ਉਨ੍ਹਾਂ ਦੱਸਿਆ ਕਿ ਪੁਲੀਸ ਕਪਤਾਨ ਦੇ ਆਦੇਸ਼ ’ਤੇ ਲੰਘੀ ਰਾਤ ਚਲਾਏ ਗਈ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ ਉਪਰੋਕਤ ਨੌਜਵਾਨ ਨੂੰ ਸ਼ੱਕ ਦੇ ਚੱਲਦੇ ਕਾਬੂ ਕਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਜਦੋਂ ਗੰਭੀਰਤਾ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਉਜਾਗਰ ਕਰ ਦਿੱਤਾ ਅਤੇ ਸਬੰਧਤ ਲੁੱਟਖੋਹ ਦੀ ਘਟਨਾ ਵਿਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ।ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।