ਰਤੀਆ (ਪੱਤਰ ਪ੍ਰੇਰਕ): ਸ਼ਹਿਰ ਦੀ ਅਨਾਜ ਮੰਡੀ ਦੇ ਸ਼ੈੱਡ ਹੇਠੋਂ ਪਿਛਲੇ ਹਫਤੇ ਚੋਰੀ ਹੋਏ ਚੌਲਾਂ ਦੇ ਭਰੇ ਟਰਾਲੇ ਨੂੰ ਪੁਲੀਸ ਨੇ ਕਾਰਵਾਈ ਕਰਦਿਆਂ ਬਰਾਮਦ ਕਰ ਲਿਆ ਹੈ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਕਿ ਸ਼ਿਕਾਇਤ ਦਰਜ ਕਰਵਾਉਣ ਵਾਲੇ ਸਤਨਾਮ ਸਿੰਘ ਨੇ ਹੀ ਆਪਣੇ ਸਾਥੀ ਗੁਲਾਬ ਸਿੰਘ ਨਾਲ ਮਿਲਕੇ ਉਕਤ ਚੌਲਾਂ ਨੂੰ ਖੁਰਦ ਬੁਰਦ ਕਰਨ ਦਾ ਨਾਟਕ ਰਚਿਆ ਸੀ। ਸ਼ਹਿਰੀ ਥਾਣਾ ਮੁਖੀ ਜਗਦੀਸ਼ ਚੰਦਰ ਨੇ ਦੱਸਿਆ ਕਿ ਪੁਲੀਸ ਨੇ ਵੱਖ-ਵੱਖ ਜਗ੍ਹਾ ’ਤੇ ਛਾਪੇ ਮਾਰ ਕੇ ਉਕਤ ਟਰਾਲੇ ਸਮੇਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਟਰਾਲੇ ਵਿੱਚ ਪੰਜਾਬ ਦੇ ਸ਼ਹਿਰ ਧੂਰੀ ਤੋਂ ਚੌਲ ਲੋਡ ਕੀਤੇ ਗਏ ਸਨ ਅਤੇ ਇਨ੍ਹਾਂ ਨੂੰ ਬਾਹਰ ਲੈ ਕੇ ਜਾਣਾ ਸੀ। ਉਨ੍ਹਾਂ ਦੱਸਿਆ ਬਾਰਿਸ਼ ਦਾ ਮੌਸਮ ਹੋਣ ਕਾਰਨ ਸਤਨਾਮ ਸਿੰਘ ਨੇ ਉਕਤ ਟਰਾਲਾ ਮੰਡੀ ਦੇ ਸ਼ੈੱਡਾਂ ਹੇਠ ਖੜ੍ਹਾ ਕਰ ਦਿੱਤਾ ਅਤੇ ਅਗਲੇ ਦਿਨ ਟਰਾਲਾ ਗਾਇਬ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਚੋਰੀ ਦਾ ਮਾਮਲਾ ਦਰਜ ਕੀਤਾ ਸੀ ਤੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।