ਸਤਪਾਲ ਰਾਮਗੜ੍ਹੀਆ
ਪਿਹੋਵਾ, 3 ਮਈ
ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਛੇਤੀ ਹੀ ਕਰੋਨਾ ਦੀ ਸਥਿਤੀ ਨਾਲ ਨਜਿੱਠਣ ਲਈ ਪਿਹੋਵਾ ਦੇ ਸਰਕਾਰੀ ਹਸਪਤਾਲ ਦੀ ਆਰੁਨਾਈ ਰੋਡ ’ਤੇ ਬਣੀ ਨਵੀਂ ਇਮਾਰਤ ਵਿਚ 45 ਸਿਲੰਡਰਾਂ ਵਾਲਾ ਆਕਸੀਜਨ ਪਲਾਂਟ ਲਾਇਆ ਜਾਵੇਗਾ। 40 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਇਸ ਪਲਾਂਟ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ। ਇਸ ਨਾਲ 100 ਬਿਸਤਰਿਆਂ ਵਾਲੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਬਾਕਾਇਦਾ ਆਕਸੀਜਨ ਸਪਲਾਈ ਕੀਤੀ ਜਾ ਸਕੇਗੀ। ਹਸਪਤਾਲ ਦੀ ਨਵੀਂ ਇਮਾਰਤ ਦਾ ਮੁਆਇਨਾ ਕਰਦਿਆਂ ਉਨ੍ਹਾਂ ਉਸਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤਿੰਨ ਹਫ਼ਤਿਆਂ ਵਿੱਚ ਇਸ ਨੂੰ ਤਿਆਰ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਦਾ ਇਲਾਜ ਇਥੇ ਸ਼ੁਰੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਖੇਡ ਮੰਤਰੀ ਦੁਆਰਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਮਾਰਤ ਜਲਦੀ ਤਿਆਰ ਕਰਵਾਉਣ ਅਤੇ ਸੜਕਾਂ ਦੀ ਮੁਰੰਮਤ ਆਦਿ ਕਰਨ ਦੇ ਨਿਰਦੇਸ਼ ਦਿਤੇ।
ਖੇਡ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਆਕਸੀਜਨ ਕੋਟਾ 161 ਮੀਟਰਕ ਟਨ ਸੀ ਜਿਸ ਨੂੰ ਤਿੰਨ ਦਿਨ ਪਹਿਲਾਂ ਵਧਾ ਕੇ 232 ਮੀਟਰਿਕ ਟਨ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਨੂੰ ਵਧਾ ਕੇ 257 ਮੀਟਰਿਕ ਟਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿੱਚ ਆਕਸੀਜਨ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਖੇਡ ਮੰਤਰੀ ਸੰਦੀਪ ਸਿੰਘ ਨੇ ਕੋਵਿਡ ਪੀੜਤਾਂ ਲਈ ਬਣਾਏ ਸਿਹਤ ਕੇਂਦਰ ਪਿਹੋਵਾ ਅਤੇ ਸਰਸਵਤੀ ਮਿਸ਼ਨ ਹਸਪਤਾਲ ਦਾ ਦੌਰਾ ਕੀਤਾ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਟੀਕਾ ਲਗਵਾਉਣ ਆਏ ਨੌਜਵਾਨਾਂ ਨਾਲ ਗਲਬਾਤ ਵੀ ਕੀਤੀ।
ਡੀਸੀ ਵੱਲੋਂ ਸਰਕਾਰੀ ਹਸਪਤਾਲ ਦਾ ਜਾਇਜ਼ਾ
ਟੋਹਾਣਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮੁਨੀਸ਼ ਨਾਗਪਾਲ ਨੇ ਸਰਕਾਰੀ ਹਸਪਤਾਲ ਪੁੱਜ ਕੇ ਕੋਵਿਡ-19 ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵੈਂਟੀਲੇਂਟਰ ਆਕਸੀਜਨ, ਦਵਾਈਆਂ ਤੇ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਸਬੰਧੀ ਜ਼ਰੂਰੀ ਆਦੇਸ਼ ਦਿੱਤੇ। ਉਨ੍ਹਾਂ ਸੀ.ਐਮ.ਓ. ਡਾ.ਗੋਵਿੰਦ ਗੁਪਤਾ ਤੋਂ ਜ਼ਿਲ੍ਹੇ ਦੇ ਹਸਪਤਾਲਾਂ ਤੇ ਅਗਾਉਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡੀਐਸਪੀ ਸੁਭਾਸ਼ ਚੰਦਰ, ਡਿਪਟੀ ਸੀਐਮਓ ਸੁਨੀਤਾ ਸੋਖੀ, ਐਸਐਮਓ ਡਾ. ਰਾਜੇਸ਼ ਚੌਧਰੀ, ਡਾ. ਗਿਰੀਸ਼ ਤੇ ਹੋਰ ਅਧਿਕਾਰੀ ਮੌਜੂਦ ਸਨ।