ਪੱਤਰ ਪ੍ਰੇਰਕ
ਰਤੀਆ, 27 ਅਕਤੂਬਰ
ਸ਼ਹਿਰ ਵਿਚ ਲਗਾਤਾਰ ਵਧ ਰਹੇ ਨਾਜਾਇਜ਼ ਕਬਜ਼ਿਆਂ ਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਨਗਰ ਪਾਲਿਕਾ ਦੇ ਸਕੱਤਰ ਪੰਕਜ ਗੁਰਜਰ ਦੇ ਆਦੇਸ਼ ’ਤੇ ਨਗਰਪਾਲਿਕਾ ਦੀ ਟੀਮ ਨੇ ਨਜਾਇਜ਼ ਕਬਜ਼ੇ ਹਟਾਓ ਮੁਹਿੰਮ ਚਲਾਈ। ਸਫਾਈ ਨਿਰੀਖਕ ਰਾਹੁਲ ਮਜੋਕਾ ਅਤੇ ਦਰੋਗਾ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਸਭ ਤੋਂ ਪਹਿਲਾਂ ਸ਼ਹਿਰ ਦੇ ਭੀੜ ਭਾੜ ਵਾਲੇ ਭਗਤ ਸਿੰਘ ਚੌਂਕ ਦੇ ਆਸੇ ਪਾਸੇ ਖੜ੍ਹੀਆਂ ਰੇਹੜੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਦੁਕਾਨਦਾਰਾਂ ਵਿਚ ਬੇਚੈਨੀ ਫੈਲ ਗਈ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਨਗਰਪਾਲਿਕਾ ਦੀ ਟੀਮ ਵਲੋਂ ਚਲਾਈ ਇਸ ਮੁਹਿੰਮ ਉਪਰੰਤ ਕਈ ਰੇਹੜੀ ਮਾਲਕ ਆਪਣੀਆਂ ਰੇਹੜੀਆਂ ਨੂੰ ਲੈ ਕੇ ਹੋਰ ਮਾਰਗਾਂ ’ਤੇ ਰਵਾਨਾ ਹੋ ਗਏ ਅਤੇ ਦੇਖਦੇ ਹੀ ਦੇਖਦੇ ਪੂਰਾ ਚੌਕ ਖਾਲੀ ਹੋ ਗਿਆ। ਇਸ ਉਪਰੰਤ ਸਬੰਧਤ ਟੀਮ ਨੇ ਫਤਿਆਬਾਦ ਰੋਡ, ਬੁਢਲਾਡਾ ਰੋਡ, ਟੋਹਾਣਾ ਰੋਡ ਅਤੇ ਮੇਨ ਬਜ਼ਾਰ ਇਲਾਕੇ ਵਿਚ ਮੁਹਿੰਮ ਚਲਾਈ ਅਤੇ ਇਸ ਦੇ ਨਾਲ ਨਾਲ ਦੁਕਾਨਦਾਰਾਂ ਅਤੇ ਰੇਹੜੀ ਮਾਲਕਾਂ ਨੂੰ ਭਵਿੱਖ ਵਿਚ ਨਜਾਇਜ਼ ਕਬਜ਼ੇ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ। ਸਫਾਈ ਇੰਚਾਰਜ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਅਧਿਕਾਰੀਆਂ ਵਲੋਂ ਵਿਸ਼ੇਸ਼ ਛੂਟ ਦਿੱਤੀ ਗਈ ਸੀ ਅਤੇ ਇਸ ਛੂਟ ਤੋਂ ਵੀ ਵਧ ਕੇ ਕਈ ਦੁਕਾਨਦਾਰਾਂ ਨੇ ਇਸ ਤੋਂ ਅੱਗੇ ਜਾ ਕੇ ਵੀ ਨਾਜਾਇਜ਼ ਕਬਜ਼ੇ ਕਰ ਲਏ ਜਿਸ ਦੇ ਚੱਲਦੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਣ ਲੱਗੀ ਸੀ ਅਤੇ ਇਸ ਦੀਆਂ ਨਿਰੰਤਰ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ।