ਰਤਨ ਸਿੰਘ ਢਿੱਲੋਂ
ਅੰਬਾਲਾ, 5 ਅਕਤੂਬਰ
ਸਥਾਨਕ ਬਰਾੜਾ ਕਸਬੇ ਵਿੱਚ ਅੱਜ 13 ਲੱਖ ਰੁਪਏ ਦੀ ਲਾਗਤ ਨਾਲ ਡੇਢ ਮਹੀਨੇ ਵਿਚ ਤਿਆਰ ਹੋਇਆ ਸਾਢੇ ਤਿੰਨ ਟਨ ਭਾਰਾ ਰਾਵਣ ਦਾ ਪੁਤਲਾ ਸਾੜਿਆ ਗਿਆ। ਇਸ ਵਿਚ ਇਕ ਲੱਖ ਰੁਪਏ ਦੇ ਗਰੀਨ ਪਟਾਕੇ ਵਰਤੇ ਗਏ। ਰਾਸ਼ਟਰ ਜਾਗਰਨ ਮੰਚ ਤਹਿਤ ਬਣੇ ਇਸ 125 ਫੁੱਟ ਉੱਚੇ ਪੁਤਲੇ ਨੂੰ ਮੁੱਖ ਮਹਿਮਾਨ ਸਮਾਜਸੇਵੀ ਰਜਤ ਮਲਿਕ ਨੇ ਰਿਮੋਟ ਦਾ ਬਟਨ ਦਬਾ ਕੇ ਅੱਗ ਲਾਈ। ਇਸ ਮੌਕੇ ਇਸ ਰਾਵਣ ਦੇ ਪੁਤਲੇ ਨੂੰ ਸੜਦਾ ਦੇਖਣ ਲਈ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ। ਪੁਤਲੇ ਨੂੰ ਸਾੜਨ ਤੋਂ ਪਹਿਲਾਂ ਅਸਮਾਨ ਵਿਚ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਉਣ ਵਾਲੀ ਆਤਿਸ਼ਬਾਜ਼ੀ ਕੀਤੀ ਗਈ ਜਿਸ ਦਾ ਲੋਕਾਂ ਨੇ ਖ਼ੂਬ ਆਨੰਦ ਲਿਆ। ਇਸ ਤੋਂ ਪਹਿਲਾਂ ਲੰਘੀ ਰਾਤ ਪ੍ਰਸਿੱਧ ਸੂਫ਼ੀ ਗਾਇਕ ਮਾਣਕ ਅਲੀ ਨੇ ਆਪਣੀ ਸੂਫ਼ੀਆਨਾ ਗਾਇਕੀ ਨਾਲ ਲੋਕਾਂ ਨੂੰ ਮੰਤਰ ਮੁਗਧ ਕੀਤਾ।
ਦੱਸਣਯੋਗ ਹੈ ਕਿ ਰਾਵਣ ਦੇ ਪੁਤਲੇ ਕਰ ਕੇ ਬਰਾੜਾ ਵਿਸ਼ਵ ਪੱਧਰ ’ਤੇ ਮਸ਼ਹੂਰ ਹੋ ਚੁੱਕਾ ਹੈ। ਇਸ ਲਈ ਕਸਬੇ ਦਾ ਨਾਂ ਪੰਜ ਵਾਰ ਲਿਮਕਾ ਬੁੱਕ ਆਫ ਰਿਕਾਰਡ ਵਿਚ ਵੀ ਦਰਜ ਹੋ ਚੁੱਕਾ ਹੈ। ਸ੍ਰੀ ਰਾਮ ਲੀਲ੍ਹਾ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਕਲੱਬ ਪਿਛਲੇ 34 ਸਾਲਾਂ ਤੋਂ ਰਾਮ ਲੀਲ੍ਹਾ ਅਤੇ ਦਸਹਿਰੇ ਦਾ ਪ੍ਰਬੰਧ ਕਰਦਾ ਆ ਰਿਹਾ ਹੈ। ਇਸ ਵਾਰ ਮੇਘ ਨਾਥ ਅਤੇ ਕੁੰਭਕਰਨ ਦੇ ਪੁਤਲੇ ਨਹੀਂ ਸਾੜੇ ਗਏ।