ਦੀਪੇਂਦਰ ਦੇਸਵਾਲ
ਹਿਸਾਰ, 16 ਜੁਲਾਈ
ਸ਼ਰਾਰਤੀ ਤੱਤਾਂ ਨੇ ਸ਼ੁੱਕਰਵਾਰ ਰਾਤ ਨੂੰ ਇਸ ਜ਼ਿਲ੍ਹੇ ਦੇ ਖੇਦੜ ਪਿੰਡ ਵਿੱਚ ਸਥਿਤ ਰਾਜੀਵ ਗਾਂਧੀ ਥਰਮਲ ਪਾਵਰ ਪਲਾਂਟ ਵੱਲ ਜਾਣ ਵਾਲੀ ਰੇਲ ਪੱਟੜੀ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਇਆ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ। ਕੋਲਾ ਸਪਲਾਈ ਰੋਕਣ ਲਈ ਰੇਲ ਪੱਟੜੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਦੌਰਾਨ ਖਾਲਿਸਤਾਨ ਸਮਰਥਕ ਗਰੁੱਪ ਦਾ ਆਨਲਾਈਨ ਇੱਕ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਉਸ ਨੇ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਹੈ। ਕਈ ਦਿਨ ਪਹਿਲਾਂ ਵੀ ਖੇਦੜ ਥਰਮਲ ਪਾਵਰ ਪਲਾਂਟ ਵਿਵਾਦਾਂ ਵਿੱਚ ਰਹਿ ਚੁੱਕਿਆ ਹੈ। ਪਲਾਂਟ ਦੀ ਸੁਆਹ ਮੁਫ਼ਤ ਦੇਣ ਦੀ ਮੰਗ ਨੂੰ ਲੈ ਕੇ ਹਾਲ ਹੀ ਵਿੱਚ ਖੇਦੜ ਪਿੰਡ ਦੇ ਲੋਕਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਕਿਸਾਨ ਯੂਨੀਅਨਾਂ ਦੀ ਹਮਾਇਤ ਪ੍ਰਾਪਤ ਸੀ। ਬੀਤੀ ਅੱਠ ਜੁਲਾਈ ਨੂੰ ਇਹ ਧਰਨਾ ਹਿੰਸਕ ਹੋ ਗਿਆ ਸੀ ਅਤੇ ਪੁਲੀਸ ਨਾਲ ਹੋਈ ਝੜਪ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਸੀ, ਜਦੋਂਕਿ ਤਿੰਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਪੁਲੀਸ ਨੇ ਇਸ ਸਬੰਧੀ ਪਿੰਡ ਦੇ 800 ਲੋਕਾਂ ਖ਼ਿਲਾਫ਼ ਹੱਤਿਆ ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ ਅਤੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨਾਲ ਛੇ ਗੇੜ ਦੀ ਮੀਟਿੰਗ ਮਗਰੋਂ ਪਿੰਡ ਵਾਸੀਆਂ ਨੇ ਤਿੰਨ ਦਿਨ ਪਹਿਲਾਂ ਆਪਣਾ ਅੰਦੋਲਨ ਵਾਪਸ ਲੈ ਲਿਆ ਸੀ। ਰੇਲਵੇ ਪੱਟੜੀ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਸੂਚਨਾ ਮਿਲਣ ਮਗਰੋਂ ਹਿਸਾਰ ਦੇ ਐੱਸਪੀ ਲੋਕੇਂਦਰ ਸਿੰਘ ਘਟਨਾ ਸਥਾਨ ’ਤੇ ਪੁੱਜੇ। ਰੇਲਵੇ ਅਧਿਕਾਰੀਆਂ ਵੱਲੋਂ ਰੇਲ ਪੱਟੜੀ ਦੇ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਕਰਵਾਈ ਜਾ ਰਹੀ ਹੈ।