ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 1 ਨਵੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਤੋਂ ਨਿਕਲਿਆ ਸ੍ਰੀਮਦ ਭਗਵਦ ਗੀਤਾ ਦਾ ਸੰਦੇਸ਼ ਵਿਸ਼ਵ ਮਾਨਵਤਾ ਲਈ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਇਹ ਧਰਤੀ ਸੂਰਬੀਰਾਂ, ਸੰਤਾਂ ਤੇ ਰੱਬ ਦੀ ਧਰਤੀ ਹੈ, ਜਿਸ ਕਰਕੇ ਇਸ ਨੂੰ ਕਲਿਆਣਕਾਰੀ ਧਰਤੀ ਕਿਹਾ ਜਾਂਦਾ ਹੈ। ਯੋਗੀ ਆਦਿੱਤਿਆਨਾਥ ਨੇ ਅੱਜ ਜ਼ਿਲ੍ਹੇ ਦੇ ਪਿਆਲਾ ਪਿੰਡ ਵਿੱਚ ਸਥਿਤ ਨਾਥ ਸੰਪਰਦਾ ਦੇ ਪ੍ਰਾਚੀਨ ਪਾਇਲ ਕੁਟੀ ਮੱਠ ਵਿੱਚ ਬ੍ਰਹਮਲੀਨ ਮਹੰਤ ਸੋਮਨਾਥ ਦੀ ਮੂਰਤੀ ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀ ਕਿਸੇ ਵੀ ਤਾਕਤ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਯੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਲਈ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਕਸ਼ਮੀਰ ਦੀ ਧਾਰਾ 370 ਨੂੰ ਖ਼ਤਮ ਕਰਕੇ 500 ਸਾਲ ਪੁਰਾਣੇ ਰਾਮ ਮੰਦਰ ਵਿਵਾਦ ਦਾ ਹੱਲ ਲੱਭ ਲਿਆ। ਇਸ ਮੌਕੇ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਮਹਿੰਦਰ ਨਾਥ, ਪ੍ਰਿਥਲਾ ਦੇ ਵਿਧਾਇਕ ਨਯਨਪਾਲ ਰਾਵਤ, ਤਿਗਾਂਵ ਦੇ ਵਿਧਾਇਕ ਰਾਜੇਸ਼ ਨਾਗਰ ਤੇ ਹੋਰ ਪਤਵੰਤੇ ਮੌਜੂਦ ਸਨ।