ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 27 ਅਕਤੂਬਰ
ਤਲਵੰਡੀ ਸਾਬੋ ਖੇਤਰ ਦੇ ਪਿੰਡ ਭਾਗੀਵਾਂਦਰ ਨੇੜੇ ਬੀਤੇ ਕੱਲ੍ਹ ਵਾਪਰੇ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਰਸੇਮ ਸਟਾਰ ਅਤੇ ਉਨ੍ਹਾਂ ਦੀ ਪਤਨੀ ਸੀਮਾ ਬਾਂਸਲ ਦਾ ਅੱਜ ਸ਼ਹਿਰ ਦੇ ਸ੍ਰੀ ਰਾਮਬਾਗ ਵਿਖੇ ਇਕੋ ਚਿਖਾ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸੋਗ ’ਚ ਸ਼ਹਿਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ। ਅੰਤਿਮ ਰਸਮਾਂ ਵਿੱਚ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਸਾਬਕਾ ਵਿਧਾਇਕ ਬਲਕੌਰ ਸਿੰਘ ਸਮੇਤ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਕਾਲਾਂਵਾਲੀ ਅਤੇ ਆਸ-ਪਾਸ ਦੇ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।
ਬੀਤੇ ਕੱਲ੍ਹ ਨਗਰ ਕੌਂਸਲ ਕਾਲਾਂਵਾਲੀ ਦੇ ਸਾਬਕਾ ਪ੍ਰਧਾਨ ਤਰਸੇਮ ਸਟਾਰ ਦੀ ਵਿਆਹ ਦੀ ਵਰ੍ਹੇਗੰਢ ਸੀ ਅਤੇ ਭਤੀਜੇ ਦਾ ਵਿਆਹ ਰੱਖਿਆ ਗਿਆ ਸੀ। ਇਸ ਕਰਕੇ ਤਰਸੇਮ ਸਟਾਰ ਪਰਿਵਾਰ ਸਮੇਤ ਬਠਿੰਡਾ ਖਰੀਦਦਾਰੀ ਕਰਨ ਗਏ ਸੀ। ਵਾਪਸ ਘਰ ਪਰਤਦਿਆਂ ਰਸਤੇ ’ਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਤਰਸੇਮ ਅਤੇ ਉਸ ਦੀ ਪਤਨੀ ਸੀਮਾ ਦੀ ਮੌਤ ਹੋ ਗਈ। ਜਦਕਿ ਬੇਟੀ ਅਦਿਤੀ ਬਾਂਸਲ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਜ਼ੇਰੇ ਇਲਾਜ ਹਨ। ਅੱਜ ਬਾਅਦ ਦੁਪਹਿਰ ਦੋਵਾਂ ਦਾ ਸ਼ਹਿਰ ਦੇ ਰਾਮਬਾਗ ਵਿਖੇ ਇੱਕੋ ਚਿਖਾ ’ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।