ਪੱਤਰ ਪ੍ਰੇਰਕ
ਰਤੀਆ, 26 ਮਈ
ਸਥਾਨਕ ਵਾਰਡ ਨੰਬਰ 4 ਦੇ ਨੌਜਵਾਨ ਲਵਪ੍ਰੀਤ ਉਰਫ ਪਿੰਕੂ ਦੀ ਹੱਤਿਆ ਕਰਕੇ ਉਸ ਦੀ ਲਾਸ਼ ਘੱਗਰ ਦਰਿਆ ਵਿੱਚ ਸੁੱਟਣ ਦੇ ਮਾਮਲੇ ਨੂੰ ਲੈ ਕੇ ਪੁਲੀਸ ਨੇ ਮ੍ਰਿਤਕ ਦੇ ਭਰਾ ਰਵੀ ਦੇ ਬਿਆਨਾਂ ’ਤੇ 14 ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਬਾਵਜੂਦ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਹਤਿਆਰਿਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਲਾਸ਼ ਨੂੰ ਸੜਕ ’ਤੇ ਰੱਖ ਕੇ ਪੁਲੀਸ ਖਿਲਾਫ ਨਾਅਰੇਬਾਜ਼ੀ ਕੀਤੀ। ਹਾਲਾਂਕਿ ਪੁਲੀਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਪਰ ਸਫਲਤਾ ਹੱਥ ਨਹੀਂ ਲੱਗੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਪਹਿਲਾਂ ਸੰਜੇ ਗਾਂਧੀ ਚੌਕ ਤੇ ਬਾਅਦ ਵਿੱਚ ਰਤੀਆ ਫਤਿਹਾਬਾਦ ਰੋਡ ’ਤੇ ਲਾਸ਼ ਰੱਖ ਕੇ ਜਾਮ ਲਾ ਦਿੱਤਾ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਸ਼ਹਿਰੀ ਪੁਲੀਸ ਨੇ ਪਹਿਲਾਂ ਲਵਪ੍ਰੀਤ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਸੀ ਪਰ ਬਾਅਦ ਵਿੱਚ ਲਾਸ਼ ਬਰਾਮਦ ਹੋਣ ਤੋਂ ਬਾਅਦ 14 ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਏ ਜਾਣ ਲਈ ਪਰਿਵਾਰ ਅਤੇ ਪੁਲੀਸ ਦਰਮਿਆਨ ਪੈਦਾ ਹੋਏ ਡੈਡਲਾਕ ਨੂੰ ਲੈ ਕੇ ਪੋਸਟਮਾਰਟਮ ਕਰਵਾਉਣ ਵਿੱਚ ਦੇਰੀ ਹੁੰਦੀ ਰਹੀ ਪ੍ਰੰਤੂ ਥਾਣਾ ਮੁਖੀ ਰੁਪੇਸ਼ ਚੌਧਰੀ ਦੇ ਭਰੋਸੇ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਭਾਵੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਤਾਂ ਲੈ ਲਈ ਪਰ ਪੁਲੀਸ ਖ਼ਿਲਾਫ਼ ਰੋਸ ਪ੍ਰਗਟਾਇਆ। ਪੁਲੀਸ ਨੇ ਉਕਤ ਮਾਮਲੇ ਵਿੱਚ ਕੁੱਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਪ੍ਰੰਤੂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਦੂਜੇ ਪਾਸੇ ਰਤੀਆ ਦੇ ਐਸਡੀਐਮ ਸੁਭਾਸ਼ ਚੰਦਰ ਅਤੇ ਡੀਐਸਪੀ ਸ਼ੁਕਰਪਾਲ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਪਰ ਉਨ੍ਹਾਂ ਜਾਮ ਨਹੀਂ ਖੋਲ੍ਹਿਆ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾਂ ਰਵਾਨਾ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।